ਅੰਮ੍ਰਿਤਸਰ, 11 ਮਈ- ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਰਸਦਾਂ ਤੇ ਮਾਇਆ ਭੇਜਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਹੀ ਜਲੰਧਰ ਦੇ ਕਰਤਾਰਪੁਰ ਦੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਰਸਦਾਂ ਭੇਟ ਕੀਤੀਆਂ ਗਈਆਂ। ਭਾਈ ਗੁਰਜਿੰਦਰ ਸਿੰਘ ਦੀ ਪ੍ਰੇਰਣਾ ਨਾਲ ਹਲਕੇ ਦੀਆਂ ਸੰਗਤਾਂ ਵੱਲੋਂ 290 ਕੁਇੰਟਲ ਕਣਕ ਇਕੱਤਰ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਲਈ ਭੇਜੀ ਗਈ ਹੈ। ਇਸ ਤੋਂ ਇਲਾਵਾ ਹੋਰ ਰਸਦਾਂ ਵਿਚ ਦਾਲ, ਚਾਵਲ, ਦੇਸੀ ਘਿਓ, ਖੰਡ, ਚਾਹ ਪੱਤੀ ਆਦਿ ਵੀ ਸ਼ਾਮਲ ਹਨ। ਰਸਦਾਂ ਲੈ ਕੇ ਪੁੱਜੀਆਂ ਕਰਤਾਰਪੁਰ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਵਧੀਕ ਮੈਨੇਜਰ ਸ. ਸੁਖਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲੇ, ਸ. ਰਾਮ ਸਿੰਘ ਭਿੰਡਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ : ਲੰਗਰ ਲਈ ਰਸਦਾਂ ਲੈ ਕੇ ਪੁੱਜੀ ਕਰਤਾਰਪੁਰ ਦੀ ਸੰਗਤ ਨੂੰ ਸਨਮਾਨਿਤ ਕਰਦੇਹੋਏ ਭਾਈ ਰਜਿੰਦਰ ਸਿੰਘ ਮਹਿਤਾ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਹੋਰ।