ਅੰਮ੍ਰਿਤਸਰ : 21 ਅਗਸਤ ( ) ਜਥੇਦਾਰ ਅਵਤਾਰ ਸਿੰਘ ਨੇ ਪੱਛਮੀ ਬੰਗਾਲ ਕਾਂਗਰਸ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਉਣ ਸਮੇਂ ਉਨ੍ਹਾਂ ਦਾ 1984 ਦੇ ਦੰਗਿਆਂ ਵੇਲੇ ਦਿੱਤਾ ਵਿਵਾਦਿਤ ਬਿਆਨ ਟਵੀਟ ਕਰਕੇ ਇੱਕ ਵਾਰ ਫੇਰ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਤਾ ਸੀ ਤੇ ਇਸ ਤੋਂ ਮਗਰੋਂ ਦਿੱਲੀ ਵਿੱਚ ਬਹੁਤ ਹੀ ਦਰਦਨਾਕ ਤਰੀਕੇ ਨਾਲ ਸਿੱਖ ਨਸਲਕੁਸ਼ੀ ਕੀਤੀ ਗਈ, ਜਿਸ ਦਾ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਪਾਇਆ। ਉਨ੍ਹਾਂ ਕਿਹਾ ਕਿ ਇਸ ਵਾਪਰੀ ਮੰਦਭਾਗੀ ਘਟਨਾ ਦੀ ਅੱਗ ਅਜੇ ਵੀ ਸਿੱਖ ਹਿਰਦਿਆਂ ਵਿੱਚ ਚੰਗਿਆੜੀ ਬਣ ਕੇ ਭੜਕ ਰਹੀ ਹੈ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਇਸ ਬਿਆਨ ਸਬੰਧੀ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਹਮੇਸ਼ਾਂ ਸਿੱਖ ਵਿਰੋਧੀ ਰਹੀ ਹੈ ਤੇ ਉਸ ਨੇ ਰਾਜੀਵ ਗਾਂਧੀ ਦੇ ਵਿਵਾਦਿਤ ਬਿਆਨ ਨੂੰ ਦੁਹਰਾ ਕੇ ਆਪਣੀ ਬੇਸ਼ਰਮੀ ਦਾ ਸਬੂਤ ਇਕ ਵਾਰ ਫੇਰ ਦੇ ਦਿੱਤਾ ਹੈ। ਉਨ੍ਹਾਂ ਕਾਂਗਰਸ ਦੇ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਦੇ ਇਸ ਬਿਆਨ ਨੂੰ ਝੁਠਲਾਉਂਦੇ ਹੋਏ ਕਿਹਾ ਕਿ ਕੋਈ ਵੀ ਪਾਰਟੀ ਇਸ ਬਿਆਨ ‘ਤੇ ਸਿਆਸੀ ਰੋਟੀਆਂ ਨਹੀਂ ਸੇਕ ਰਹੀ ਬਲਕਿ ਕਾਂਗਰਸ ਹੀ ਸਿੱਖਾਂ ਦੀਆਂ ਸੁਲਗਦੀਆਂ ਲਾਸ਼ਾਂ ਤੇ ਆਪਣੀਆਂ ਰੋਟੀਆਂ ਸੇਕ ਕੇ ਜਸ਼ਨ ਮਨਾ ਰਹੀ ਹੈ ਤੇ ਕਾਂਗਰਸ ਆਪਣੀ ਇਸ ਹਰਕਤ ਤੇ ਸ਼ਰਮਸਾਰ ਹੋਣ ਦੀ ਬਿਜਾਏ ਦੂਸਰੀਆਂ ਪਾਰਟੀਆਂ ਤੇ ਦੋਸ਼ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਬਿਆਨ ਨੇ ਇੱਕ ਵਾਰ ਫੇਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਸਿੱਖਾਂ ਦੀ ਹਿਤੈਸ਼ੀ ਨਹੀਂ ਹੋ ਸਕਦੀ।