ਅੰਮ੍ਰਿਤਸਰ, 10 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਸੇਵਾ ਲੈਣ ‘ਤੇ ਕਾਨ੍ਹਪੁਰ ਵਾਸੀ ਬੀਬੀ ਅਮਰਜੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਦੱਸਿਆ ਕਿ ਬੀਬੀ ਅਮਰਜੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰ ‘ਤੇ ਹੋਰ ਵਾਲੇ ਖਰਚੇ ਦੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਆਖਿਆ ਕਿ ਸ਼ਰਧਾਲੂ ਬੀਬੀ ਵੱਲੋਂ ਇਸ ਸੇਵਾ ਲਈ ਪੰਜ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਕੀ ਖਰਚ ਵੀ ਇਨ੍ਹਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਗੁਰੂ ਦਰਬਾਰ ਪ੍ਰਤੀ ਸ਼ਰਧਾ ਨਾਲ ਸੇਵਾਵਾਂ ਨਿਭਾਉਂਦੀਆਂ ਹਨ। ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੇ ਵਿਸ਼ਵ ਲਈ ਮਹਾਨ ਧਾਰਮਿਕ ਅਸਥਾਨ ਹਨ ਅਤੇ ਇਥੋਂ ਸਭ ਨੂੰ ਬਖ਼ਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅਸਥਾਨ ‘ਤੇ ਸੇਵਾ ਕਰਕੇ ਹਮੇਸ਼ਾਂ ਮਨ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਵਧੀਕ ਮੈਨੇਜਰ ਸ. ਲਖਬੀਰ ਸਿੰਘ, ਸ. ਚੰਚਲਦੀਪ ਸਿੰਘ, ਸ. ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।