ਅੰਮ੍ਰਿਤਸਰ 23 ਜਨਵਰੀ (        ) ਕਾਮਾਗਾਟਾਮਾਰੂ ਜਹਾਜ ਦੇ ਸਿੱਖ ਮੁਸਾਫ਼ਰਾਂ ਬਾਰੇ ਹੁਕਮਨਾਮਾ ਜਾਰੀ ਹੋ ਚੁੱਕਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।ਡਾ: ਰੂਪ ਸਿੰਘ ਨੇ ਕਿਹਾ ਕਿ ਇਹ ਹੁਕਮਨਾਮਾ ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 12 ਅਕਤੂਬਰ 1920 ਨੂੰ ਜਾਰੀ ਹੋ ਚੁੱਕਾ ਹੈ ਜੋ ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ’ ਵਿੱਚ ਪੰਨਾ ਨੰਬਰ 64 ਪੁਰ ਦਰਜ ਹੈ।ਇਸ ਪੁਸਤਕ ਵਿੱਚ ਹਵਾਲਾ ਦੇਂਦਿਆਂ ਡਾ: ਰੂਪ ਸਿੰਘ ਨੇ ਨੋਟ ਲਿਖਿਆ ਹੈ ਕਿ ‘ਇਸ ਡਰ ਤੋਂ ਕਿ ਪੰਜਾਬ ਦੇ ਸਿੱਖ “ਬਜ-ਬਜ ਘਾਟ ਦੇ ਹਾਦਸੇ ਤੋਂ ਭੜਕ ਨਾ ਉੱਠਣ, ਸਰਕਾਰ ਪੰਜਾਬ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਅਰੂੜ ਸਿੰਘ ਪਾਸੋਂ ਸਿੱਖਾਂ ਦੇ ਸ਼੍ਰੋਮਣੀ ਗੁਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਕਰਵਾਇਆ ਕਿ ‘ਬਜ-ਬਜ ਘਾਟ ‘ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ।” (ਨਰੈਣ ਸਿੰਘ, ਅਕਾਲੀ ਮੋਰਚੇ ਤੇ ਝੱਬਰ, ਪੰਨਾ 25)।

ਡਾ: ਰੂਪ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਹੁਕਮਨਾਮੇ ਦੀ ਥਾਂ ਉਕਤ ਹੁਕਮਨਾਮਾ ਜਾਰੀ ਕੀਤਾ ਕਿ ਅਰੂੜ ਸਿੰਘ ਗੁਰੂ ਦਾ ਸਿੱਖ ਨਹੀਂ, ਜਿਨ੍ਹਾਂ ਨੇ ਬਜ-ਬਜ ਘਾਟ ‘ਤੇ ਅੰਗਰੇਜ਼ ਦਾ ਮੁਕਾਬਲਾ ਕੀਤਾ, ਉਹ ਗੁਰੂ ਦੇ ਅਨਿਨ ਸਿੱਖ ਹਨ।ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਦਰਜ ਹੁਕਮਨਾਮੇ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:

‘ਅਕਾਲ ਤਖ਼ਤ ਸਾਹਿਬ ਸਜਿਆ ਖ਼ਾਲਸਾ ਜੀ ਦਾ ਇਹ ਦੀਵਾਨ ਪਾਸ ਕਰਦਾ ਹੈ ਕਿ ਜਿਨ੍ਹਾਂ ਨੇ ਬਜ-ਬਜ ਘਾਟ ‘ਤੇ ਅੰਗਰੁਜ਼ਾਂ ਦਾ ਮੁਕਾਬਲਾ ਕੀਤਾ ਸੀ, ਉਹ ਅਨਿਨ ਗੁਰੂ ਦੇ ਸਿੱਖ ਸਨ।ਬਲਕਿ ਉਹ ਗੁਰੂ ਦੇ ਸਿੱਖ ਨਹੀਂ ਹਨ, ਜਿਹੜੇ ਆਪਣੇ ਘਰ ਵਿੱਚ ਮਨਮਤ ਕਰਦੇ ਹਨ।ਸ੍ਰ: ਅਰੂੜ ਸਿੰਘ ਜੋ ਗੁਰਮਤ ਪ੍ਰਚਾਰ ਨੂੰ ਬੰਦ ਕਰ ਕੇ ਘਰ ਵਿਚ ਪਾਪ ਲੀਲਾ ਕਰਦਾ ਹੈ, ਗੁਰੂ ਦਾ ਸਿੱਖ ਨਹੀਂ।’ (ਮਿਤੀ 12-10-1920)

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸ੍ਰ: ਸਾਹਿਬ ਸਿੰਘ ਥਿੰਦ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੈਮੋਰੰਡਮ ਦੇ ਕੇ ਇਹ ਮੁੱਦਾ ਉਠਾਇਆ ਗਿਆ ਹੈ। ਆਪਣੇ ਇਸ ਮੈਮੋਰੰਡਮ ਵਿੱਚ ਸ੍ਰ: ਥਿੰਦ ਵੱਲੋਂ ਅਫਸੋਸ ਜ਼ਾਹਿਰ ਕੀਤਾ ਗਿਆ ਹੈ ਕਿ ਸਾਲ 1914 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਰੂੜ ਸਿੰਘ ਵੱਲੋਂ ਜਾਰੀ ਕੀਤਾ ਗਿਆ ਫਰਮਾਨ ਇਸ ਲਹਿਰ ਦੇ ਸ਼ਹੀਦਾਂ ਖਾਸ ਕਰਕੇ ਸਿੱਖਾਂ ਲਈ ਅਫਸੋਸਨਾਕ ਤੱਥ ਬਣ ਗਿਆ ਹੈ।ਉਨ੍ਹਾਂ ਮੈਮੋਰੰਡਮ ਵਿੱਚ ਲਿਖਿਆ ਹੈ ਕਿ ਤਤਕਾਲੀ ਜਥੇਦਾਰ ਅਰੂੜ ਸਿੰਘ ਨੇ 6 ਅਕਤੂਬਰ 1914 ਨੂੰ ਕਾਮਾਗਾਟਾਮਾਰੂ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ‘ਸਿੱਖ ਨਹੀਂ’ ਕਰਾਰ ਦਿੱਤਾ ਸੀ ਅਤੇ ਗਦਰੀਆਂ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਇਨ੍ਹਾਂ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਸਨ।ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ‘ਤੇ ਕੀਤਾ ਇਹ ਫੈਂਸਲਾ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਕਾਮਾਗਾਟਾਮਾਰੂ ਅਤੇ ਗਦਰ ਲਹਿਰ ਵਿੱਚ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਬੇਕਦਰੀ ਕਰਨ ਵਾਲਾ ਦੱਸਿਆ ਹੈ।

ਡਾ: ਰੂਪ ਸਿੰਘ ਨੇ ਕਿਹਾ ਕਿ ਉੱਤਰੀ ਅਮਰੀਕਾ ਵਿੱਚ ਸਥਾਂਪਿਤ ਹੋਈ ਗਦਰ ਪਾਰਟੀ ਅਤੇ ਗਦਰ ਲਹਿਰ ਵਿੱਚ ਸਿੱਖਾਂ ਦੀ ਭੂਮਿਕਾ ਇਤਿਹਾਸਕ ਰਹੀ ਹੈ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹਨ, ਜੋ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ।ਉਨ੍ਹਾਂ ਕਿਹਾ ਕਿ ਕਾਮਾਗਾਟਾ ਮਾਰੂ ਜਹਾਜ (ਬਜ-ਬਜ ਘਾਟ) ਦੇ ਮੁਸਾਫ਼ਰਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੀ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਜਿਸ ‘ਚ ਕਾਮਾਗਾਟਾ ਮਾਰੂ ਜਹਾਜ ਦੇ ਸਿੱਖ ਮੁਸਾਫ਼ਿਰਾਂ ਨੂੰ ਅਨਿਨ ਸਿੱਖ ਮੰਨਿਆਂ ਗਿਆ ਹੈ। ਜਿਸਦਾ ਸਾਡੇ ਪਾਸ ਰੀਕਾਰਡ ਵੀ ਮੌਜੂਦ ਹੈ ਤੇ ਇਹ ਹੁਕਮਨਾਮੇ ਆਦੇਸ਼ ਸੰਦੇਸ਼ ਪੁਸਤਕ ਵਿੱਚ ਦਰਜ ਪੜ੍ਹਿਆ ਜਾ ਸਕਦਾ ਹੈ। ਇਸ ਲਈ ਇਸ ਸਬੰਧੀ ਦੁਬਾਰਾ ਹੁਕਮਨਾਮਾ ਜਾਰੀ ਕਰਵਾਉਣ ਦੀ ਲੋੜ ਨਹੀਂ ਹੈ।