ਅੰਮ੍ਰਿਤਸਰ, 31 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ ਆਗੂ ਤੇ ਵਿਸ਼ਵ ਪ੍ਰਸਿੱਧ ਸਿੱਖ ਸ਼ਖ਼ਸੀਅਤ ਗੁਰਪੁਰਵਾਸੀ ਡਾ. ਸੰਤੋਖ ਸਿੰਘ ਭੋਪਾਲ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਭੋਪਾਲ ਵਿਖੇ ਸਵਰਗੀ ਡਾ. ਸੰਤੋਖ ਸਿੰਘ ਦੇ ਪਰਿਵਾਰ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਹਮਦਰਦੀ ਪ੍ਰਗਟ ਕਰਨ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫੋਂ ਇਹ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜੋ ਗੁਰਦੁਆਰਾ ਸਾਹਿਬ ਹਮੀਦੀਆ ਰੋਡ ਭੋਪਾਲ ਵਿਖੇ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਮਲ ਹੋਣ ਲਈ ਪੁੱਜੇ ਸਨ, ਨੇ ਡਾ. ਸੰਤੋਖ ਸਿੰਘ ਦੇ ਯਤਨਾਂ ਨਾਲ ਟੀ.ਟੀ. ਨਗਰ ਭੋਪਾਲ ਵਿਖੇ 1969 ਵਿਚ ਆਰੰਭ ਹੋਈ ਫ੍ਰੀ ਡਿਸਪੈਂਸਰੀ ਦੇ ਵਿਸਥਾਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਰੂਪ ਸਿੰਘ ਨੇ ਡਾ. ਸੰਤੋਖ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਵਰਤਮਾਨ ਸਿੱਖ ਨੌਜੁਆਨੀ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ ਅਨੁਸਾਰ ਸਵ: ਡਾ. ਸੰਤੋਖ ਸਿੰਘ ਨੂੰ ਸਿੱਖ ਕੌਮ ਵੱਲੋਂ ਸਿਖਰ ਸਨਮਾਨ ਦਿੰਦਿਆਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਵੱਲੋਂ 1969 ਵਿਚ ਸ਼ੁਰੂ ਕੀਤੀ ਡਿਸਪੈਂਸਰੀ ਦਾ ਹੁਣ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸਥਾਰ ਕੀਤਾ ਗਿਆ ਹੈ। ਇਸ ਡਿਸਪੈਂਸਰੀ ਵਿਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਸੇਵਾਵਾਂ ਦੇ ਰਹੇ ਹਨ ਅਤੇ ਲੋੜਵੰਦਾਂ ਨੂੰ ਮੁਫ਼ਤ ਮੈਡੀਕਲ ਸਹੂਲਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਗੁਰਦੁਆਰਾ ਸਾਹਿਬ ਹਮੀਦੀਆ ਰੋਡ ਭੋਪਾਲ ਵਿਖੇ ਬੱਚਿਆਂ ਦੇ ਗੁਰਮਤਿ ਟੇ੍ਰਨਿੰਗ ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਰੂਪ ਸਿੰਘ ਨੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਕੈਂਪ ਵਿਚ ਸ਼ਾਮਲ ਦੋ ਸੌ ਬੱਚਿਆਂ ਨੂੰ ਗੁਰਬਾਣੀ, ਗੁਰ-ਇਤਿਹਾਸ ਅਤੇ ਗੁਰਮਤਿ ਰਹਿਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚੇ ਅਤੇ ਨੌਜੁਆਨ ਕੌਮ ਦਾ ਭਵਿੱਖ ਹਨ, ਜਿਨ੍ਹਾਂ ਦਾ ਗੁਰਮਤਿ ਵਿਚ ਪ੍ਰਪੱਕ ਹੋਣਾ ਬੇਹੱਦ ਜ਼ਰੂਰੀ ਹੈ। ਸਮਾਗਮ ਦੌਰਾਨ ਡਾ. ਰੂਪ ਸਿੰਘ ਨੂੰ ਭੋਪਾਲ ਦੀਆਂ ਸੰਗਤਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਜ਼ੁਰਗ ਸਿੱਖ ਨੇਤਾ ਸ. ਈਸ਼ਰ ਸਿੰਘ, ਸ. ਸੁਰਿੰਦਰਪਾਲ ਸਿੰਘ, ਸ. ਅਮਰੀਕ ਸਿੰਘ, ਡਾ. ਬੀ.ਡੀ. ਸੋਨੀ, ਸਵ: ਡਾ. ਸੰਤੋਖ ਸਿੰਘ ਦੇ ਸਪੁੱਤਰ ਡਾ. ਗੁਰਦੀਪ ਸਿੰਘ, ਗਿਆਨੀ ਇਕਬਾਲ ਸਿੰਘ, ਸ. ਪਰਮਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਸ. ਅਮਰੀਕ ਸਿੰਘ ਸਕੱਤਰ, ਸ. ਰਣਜੀਤ ਸਿੰਘ ਵਿੱਤ ਸਕੱਤਰ, ਸ. ਰਵਿੰਦਰ ਸਿੰਘ ਮਦਾਰਾ, ਸ. ਗੁਰਚਰਨ ਸਿੰਘ ਆਦਿ ਮੌਜੂਦ ਸਨ।