ਬੁਲਾਰਿਆਂ ਨੇ ਗਿਆਨੀ ਮੱਲ ਸਿੰਘ, ਗਿਆਨੀ ਬਾਦਲ ਸਿੰਘ ਤੇ ਮਾਸਟਰ ਗੁਰਦਿੱਤ ਸਿੰਘ ਦੀਆਂ ਸੇਵਾਵਾਂ ਨੂੰ ਵਡਿਆਇਆ

ਅੰਮ੍ਰਿਤਸਰ, ੨੮ ਫ਼ਰਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮੱਲ ਸਿੰਘ, ਯੂ.ਪੀ. ਸਿੱਖ ਮਿਸ਼ਨ ਹਾਪੜ ਦੇ ਸਾਬਕਾ ਇੰਚਾਰਜ ਗਿਆਨੀ ਬਾਦਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤ੍ਰਿੰਗ ਮੈਂਬਰ ਮਾਸਟਰ ਗੁਰਦਿੱਤ ਸਿੰਘ ਜਲਵੇਹੜਾ ਦੀਆਂ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਸੀਵਰਾਂ ਤੋਂ ਪਰਦਾ ਹਟਾਇਆ। ਇਸ ਤੋਂ ਪਹਿਲਾਂ ਭਾਈ ਹਰਨਾਮ ਸਿੰਘ ਸ੍ਰੀਨਗਰ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸੰਗਤਾਂ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਲਈ ਵੱਡੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਥੇ ਸੁਸ਼ੋਭਿਤ ਤਸਵੀਰਾਂ ਨੂੰ ਦੇਖ ਕੇ ਵਰਤਮਾਨ ਪੀੜ੍ਹੀ ਨੂੰ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿੱਖ ਕੌਮ ਦਾ ਗੁਰੂ ਸਾਹਿਬਾਨ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦਾ ਇਤਿਹਾਸ ਸੰਭਾਲਿਆ ਹੋਇਆ ਹੈ। ਉਨ੍ਹਾਂ ਗਿਆਨੀ ਮੱਲ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕੌਮ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਉਨ੍ਹਾਂ ਨੇ ਜਿਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਗੁਰਮਤਿ ਨਾਲ ਜੋੜਿਆ, ਉਥੇ ਹੀ ਅਨੇਕਾਂ ਪੁਸਤਕਾਂ ਦੁਆਰਾ ਵੀ ਸਿੱਖੀ ਪ੍ਰਚਾਰ ਵਿਚ ਹਿੱਸਾ ਪਾਇਆ। ਸਿੰਘ ਸਾਹਿਬ ਨੇ ਗਿਆਨੀ ਬਾਦਲ ਸਿੰਘ ਅਤੇ ਮਾਸਟਰ ਗੁਰਦਿੱਤ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਵੀ ਵਡਿਆਇਆ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਣ ਸਮੇਂ ਆਪਣੇ ਬੱਚਿਆਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਜ਼ਰੂਰ ਲਿਆਉਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਵੱਡਮੁੱਲਾ ਯੋਗਦਾਨ ਪਾਇਆ ਹੋਵੇ। ਉਨ੍ਹਾਂ ਗਿਆਨੀ ਮੱਲ ਸਿੰਘ, ਗਿਆਨੀ ਬਾਦਲ ਸਿੰਘ ਤੇ ਮਾਸਟਰ ਗੁਰਦਿੱਤ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਨੇ ਆਪਣਾ ਜੀਵਨ ਕੌਮ ਦੇ ਲੇਖੇ ਲਾ ਕੇ ਸਾਡੇ ਲਈ ਮਾਰਗ ਦਰਸ਼ਨ ਦਿੱਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਕਿਸੇ ਕੌਮੀ ਸ਼ਖ਼ਸੀਅਤ ਦੇ ਸੰਸਾਰ ਤੋਂ ਤੁਰ ਜਾਣ ਉਪਰੰਤ ਉਸ ਦੀ ਤਸਵੀਰ ਇਥੇ ਸੁਸ਼ੋਭਿਤ ਹੋਣੀ ਸਭ ਤੋਂ ਵੱਡਾ ਸਨਮਾਨ ਹੈ।
ਇਸ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਗਿਆਨੀ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਮੱਲ ਸਿੰਘ, ਮਾਸਟਰ ਗੁਰਦਿੱਤ ਸਿੰਘ ਤੇ ਗਿਆਨੀ ਬਾਦਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ ਸਿਰੋਪਾਓ ਦਿੱਤੇ। ਬੁਲਾਰਿਆਂ ਨੂੰ ਸਮਾਂ ਦੇਣ ਦੀ ਸੇਵਾ ਪ੍ਰਚਾਰਕ ਭਾਈ ਸੁਰਜੀਤ ਸਿੰਘ ਸਭਰਾ ਨੇ ਨਿਭਾਈ।
ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਚੀਮਾਬਾਠ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੱਜਣ ਸਿੰਘ ਬੱਜੂਮਾਨ ਅੰਤਿੰ੍ਰਗ ਮੈਂਬਰ, ਮੈਂਬਰ ਅਜਾਇਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸ. ਬਲਦੇਵ ਸਿੰਘ ਚੂੰਘਾਂ, ਸ. ਪਰਮਜੀਤ ਸਿੰਘ ਖ਼ਾਲਸਾ, ਭਾਈ ਈਸ਼ਰ ਸਿੰਘ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਪ੍ਰਦੀਪ ਸਿੰਘ ਬਧਨੀ, ਬਾਬਾ ਹਰਚਰਨ ਸਿੰਘ ਪਟਿਆਲਾ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ ਭੂਰਾਕੋਹਨਾ ਤੇ ਸ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ ਤੇ ਸ. ਹਰਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਤੇ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਇਕਬਾਲ ਸਿੰਘ ਮੁਖੀ, ਸ. ਰਵੇਲ ਸਿੰਘ ਚੇਅਰਮੈਨ, ਸ. ਹਰਜੀਤ ਸਿੰਘ ਭੱਠਲ, ਸ. ਇੰਦਰਪਾਲ ਸਿੰਘ ਬਰਨਾਲਾ, ਡਾ. ਗੁਰਜੰਟ ਸਿੰਘ ਸਮੇਤ ਹੋਰ ਮੌਜੂਦ ਸਨ