ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਦੀ ਕੀਤੀ ਪੁਰਜ਼ੋਰ ਹਮਾਇਤ
ਅੰਮ੍ਰਿਤਸਰ 25 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਉਹ ੧੯੮੪ ਦੇ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀਆਂ ਫਾਇਲਾਂ ਤੁਰੰਤ ਜਨਤਕ ਕਰੇ।ਉਨ੍ਹਾਂ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਉਸ ਬਿਆਨ ਦੀ ਪੂਰਨ ਹਮਾਇਤ ਕੀਤੀ ਹੈ ਜਿਸ ਵਿੱਚ ਉਨ੍ਹਾਂ ੧੯੮੪ ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਪਾਰਟੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਆਪੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਨਾਲ ਸੰਬੰਧਿਤ ਫਾਈਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਪ੍ਰੇਸ਼ਨ ਬਲਿਊ ਸਟਾਰ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਈਆਂ ਬੇਦੋਸ਼ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕਰ ਦਿੱਤਾ, ਸ੍ਰੀ ਹਰਿਮੰਦਰ ਸਾਹਿਬ ‘ਤੇ ਵੀ ਗੋਲੀਆਂ ਵਰਸਾਈਆਂ ਸਨ ਤੇ ਇਸੇ ਤਰ੍ਹਾਂ ਦਿੱਲੀ ਦੰਗਿਆਂ ਵਿੱਚ ਅਨੇਕਾਂ ਬੇਕਸੂਰ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਗਰ ਇਹ ਫਾਈਲਾਂ ਜਨਤਕ ਹੋ ਜਾਂਦੀਆਂ ਹਨ ਤਾਂ ਇਸ ਨਾਲ ਦੇਸ਼ ਦੇ ਲੋਕਾਂ ਦੇ ਸਾਹਮਣੇ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦੀ ਸਚਾਈ ਸਾਹਮਣੇ ਆ ਜਾਵੇਗੀ।ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ ਕੀਤੇ ਗਏ ਹਮਲੇ ਤੇ ਦਿੱਲੀ ਸਿੱਖ ਦੰਗਿਆਂ ਦਾ ਧੂੰਆਂ ਅਜੇ ਵੀ ਸਿੱਖਾਂ ਦੀਆਂ ਹਿੱਕਾਂ ਤੇ ਸੁਲਘ ਰਿਹਾ ਹੈ, ਪਰ ਅਫਸੋਸ ਕਿ ਏਨਾ ਲੰਮਾ ਅਰਸਾ ਹੋ ਜਾਣ ਤੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।ਉਨ੍ਹਾਂ ਕਿਹਾ ਕਿ ਅਗਰ ਸਰਕਾਰ ਇਨ੍ਹਾਂ ਘਟਨਾਵਾਂ ਦੀਆਂ ਫਾਈਲਾਂ ਜਨਤਕ ਕਰਦੀ ਹੈ ਤਾਂ ਇਸ ਨਾਲ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਅਤੇ ਇਸ ਦੇ ਮੋਹਰੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਜੋ ਸਿੱਖਾਂ ਦੇ ਕੱਟੜ ਵਿਰੋਧੀ ਹੁੰਦੇ ਹੋਏ ਵੀ ਅੱਜ ਆਪਣੇ ਆਪ ਨੂੰ ਬੀਬੇ ਕਬੂਤਰ ਸਾਬਤ ਕਰ ਰਹੇ ਹਨ ਦੀ ਬਿੱਲੀ ਵੀ ਥੈਲਿਓਂ ਬਾਹਰ ਆ ਜਾਵੇਗੀ।