ਬੈਂਕਾਕ ਦੀਆਂ ਸੰਗਤਾਂ ਦੀ ਮੰਗ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 170 ਪਾਵਨ ਸਰੂਪ ਭੇਜਣ ਨੂੰ ਪ੍ਰਵਾਨਗੀ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਅਹਿਮ ਫੈਸਲੇ

7-04-2015ਚੰਡੀਗੜ੍ਹ 7 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ-੮੫, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ ਚਰਚਾ ਕੀਤੀ ਗਈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਵਿੱਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਨਿਭਾਈ ਗਈ ਮਨੁੱਖੀ ਭੂਮਿਕਾ ਸਿੱਖੀ ਪ੍ਰੰਪਰਾਵਾਂ ਦੇ ਉਲਟ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਖੇਧੀ ਕਰਦੀ ਹੈ ਤੇ ਨਾਲ ਹੀ ਕੇਂਦਰ ਸਰਕਾਰ ਅਤੇ ਫ਼ਿਲਮ ਸੈਂਸਰ ਬੋਰਡ ਤੋਂ ਮੰਗ ਕਰਦੀ ਹੈ ਕਿ ਇਸ ਫ਼ਿਲਮ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ।ਉਨ੍ਹਾਂ ਕਿਹਾ ਕਿ ਅੱਗੇ ਤੋਂ ਜੇਕਰ ਕਿਸੇ ਨੇ ਕੋਈ ਵੀ ਧਾਰਮਿਕ ਫ਼ਿਲਮ ਬਣਾਉਣੀ ਹੋਵੇ ਤਾਂ ਉਸ ਦੀ ਸਕ੍ਰਿਪਟ ਪਹਿਲਾਂ ਸ਼੍ਰੋਮਣੀ ਕਮੇਟੀ ਪਾਸੋਂ ਚੈਕ ਕਰਵਾਈ ਜਾਵੇ ਤੇ ਫ਼ਿਲਮ ਬਣਨ ਉਪਰੰਤ ਰਿਲੀਜ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਵਿਖਾ ਕੇ ਰਿਲੀਜ਼ ਕਰਨ ਦੀ ਪ੍ਰਵਾਨਗੀ ਲਈ ਜਾਵੇ।ਸ਼੍ਰੋਮਣੀ ਕਮੇਟੀ ਇਹ ਵੀ ਮੰਗ ਕਰਦੀ ਹੈ ਕਿ ਫ਼ਿਲਮ ਸੈਂਸਰ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ ੨ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ।ਉਨ੍ਹਾਂ ਅੱਗੇ ਕਿਹਾ ਕਿ ਜੇ.ਐਸ.ਉਪਲ. ਟੈਂਪਲਸਟੋਵ,ਵਿਕਟੋਰੀਆ ਆਸਟਰੇਲੀਆ ਵੱਲੋਂ ਕੀਤੀ ਮੰਗ ਦੇ ਆਧਾਰ ਤੇ ੧੭੦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੈਂਕਾਕ ਭੇਜਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਸ. ਤਾਰਾ ਸਿੰਘ ਨੂੰ ਪ੍ਰਧਾਨ ਬਣਾਉਣਾ ਨਿਯਮਾਂ ਦੇ ਬਿਲਕੁਲ ਉਲਟ ਹੈ।ਬੋਰਡ ਦਾ ਪ੍ਰਧਾਨ ਚੁਣੇ ਹੋਏ ਨੁਮਾਇੰਦਿਆ ਵਿਚੋਂ ਹੀ ਲਗਾਉਣਾ ਚਾਹੀਦਾ ਹੈ ਅਤੇ ਮਹਾਰਾਸ਼ਟਰ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ।
ਅੱਜ ਦੀ ਇਕੱਤਰਤਾ ਵਿੱਚ ਲਏ ਫੈਸਲਿਆਂ ਸਬੰਧੀ ਹੋਰ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਨੂੰ ਅੱਤਵਾਦੀ/ਵੱਖਵਾਦੀ ਵਿਖਾਇਆ ਜਾ ਰਿਹਾ ਹੈ ਜਿਸ ਦੀ ਸਖ਼ਤ ਨਿਖੇਧੀ ਕਰਦਿਆਂ ਕੇਂਦਰ ਤੇ ਵਿਦੇਸ਼ੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਖਾਲਸਾ ਪਬਲਿਕ ਸਕੂਲ (ਗੂੰਗੇ ਤੇ ਬੋਲਿਆ) ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, ਲੁਧਿਆਂਣਾ ਲਈ ਇਕ ਬੱਸ ੩੨ ਸੀਟਰ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ. ਹਰਪਾਲ ਸਿੰਘ ਸਪੁੱਤਰ ਸ. ਜਸਵਿੰਦਰ ਸਿੰਘ ਪਿੰਡ ਉਬੋਕੇ ਜ਼ਿਲ੍ਹਾ ਤਰਨਤਾਰਨ ਵੱਲੋਂ ਘਰੇਲੂ ਹਾਲਤ ਕਮਜ਼ੋਰ ਹੋਣ ਕਰਕੇ ਆਪਣੀ ਲੜਕੀ ਮਨਧੀਰ ਕੌਰ ਜੋ ਐਮ.ਟੈਕ ਦੀ ਵਿਦਿਆਰਥਣ ਹੈ ਦੀ ਫੀਸ ਵਾਸਤੇ ਪੁੱਜੀ ਮੰਗ ਦੇ ਆਧਾਰ ‘ਤੇ ੩੦,੦੦੦ ਹਜ਼ਾਰ ਰੁਪਏ ਪ੍ਰਵਾਨ ਕੀਤੇ ਗਏ ਹਨ।ਸ. ਜਸਵੰਤ ਸਿੰਘ ਗੁਲਾਟੀ ਗੁਰੂ ਨਾਨਕ ਪੁਰਾ, ਸਦਰ ਬਾਜ਼ਾਰ ਕਰਨਾਲ (ਹਰਿਆਣਾ) ਨੂੰ ਦਿਲ ਤੇ ਗੁਰਦਿਆਂ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ੨੫ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ।ਬੀਬੀ ਜਸਵਿੰਦਰ ਕੌਰ ਸੁਪਤਨੀ ਸਵਰਗੀ ਸ. ਗੁਰਬਖ਼ਸ਼ ਸਿੰਘ ਧਰਮੀ ਫੌਜੀ ਪਿੰਡ ਨੱਥੂਪੁਰ ਧੱਤਲ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ੫੦ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।ਇਸੇ ਤਰ੍ਹਾਂ ਬੀਬੀ ਸਰਬਜੀਤ ਕੌਰ ਸੁਪਤਨੀ ਸਵਰਗੀ ਸ. ਬਲਜਿੰਦਰ ਸਿੰਘ ਧਰਮੀ ਫੌਜੀ ਪਿੰਡ ਭਜੌਲੀ ਤਹਿਸੀਲ ਖਰੜ ਜ਼ਿਲ੍ਹਾ ਮੁਹਾਲੀ ਨੂੰ ੫੦ ਹਜ਼ਾਰ ਰੁਪਏ ਦੀ ਸਹਾਇਤਾ ਦੇਣੀ ਪ੍ਰਵਾਨ ਕੀਤੀ ਗਈ ਹੈ।੧੯੮੪ ‘ਚ ਦਿੱਲੀ ਵਿਖੇ ਹੋਈ ਸਿੱਖ ਨਸਲਕੁਸ਼ੀ ਸਬੰਧੀ ਕੇਸਾਂ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੂੰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਇਲਾਜ ਪੁਰ ਹੋਏ ੫੦ ਹਜ਼ਾਰ ਰੁਪਏ ਖਰਚ ਪ੍ਰਵਾਨ ਕਰਦਿਆ ਸਹਾਇਤਾ ਰੂਪ ਵਜੋਂ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਪਟਿਆਲਾ ਨੂੰ ਖਰੀਦ ਕਰਨ ਲਈ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੌਲੀ, ਸ.ਨਿਰਮੈਲ ਸਿੰਘ ਜੌਲਾਂ ਕਲਾਂ ਅੰਤ੍ਰਿੰਗ ਕਮੇਟੀ ਮੈਂਬਰ, ਸ. ਅਵਤਾਰ ਸਿੰਘ ਸਕੱਤਰ ਤੇ ਸ. ਕੇਵਲ ਸਿੰਘ ਵਧੀਕ ਸਕੱਤਰ ਤੇ ਆਧਾਰਤ ਸਬ ਕਮੇਟੀ ਬਣਾਈ ਗਈ ਹੈ ਜੋ ਅਗਲੇਰੀ ਕਾਰਵਾਈ ਕਰੇਗੀ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਭਾਈ ਮਨੀ ਸਿੰਘ ਨਿਵਾਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਵਾਸ ਲਈ ੨੦੦ ਨਗ ਗੱਦੇ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਚੁੱਲੇ ਬਾਬਾ ਆਲਾ ਸਿੰਘ ਜੀ ਲੌਂਗੋਵਾਲ (ਸੰਗਰੂਰ) ਵਿਖੇ ਮਲਕੀਤੀ ਜ਼ਮੀਨ ਵਾਸਤੇ ੩੫ ਕੇ ਵੀ ਜਨਰੇਟਰ ਖਰੀਦਣ ਦੀ ਪ੍ਰਵਾਨਗੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ ਸਤਕਰਤਾਰੀਆ ਪਾਤਸ਼ਾਹੀ ਛੇਵੀਂ ਬਟਾਲਾ (ਗੁਰਦਾਸਪੁਰ) ਵਿਖੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਲੰਗਰ ਹਾਲ, ਰਿਹਾਇਸ਼ੀ ਕਮਰੇ, ਦੀਵਾਨ ਹਾਲ, ਕਾਰ ਪਾਰਕਿੰਗ ਦੀ ਬੇਸ਼ਮੈਂਟ ਦੀ ਚੱਲ ਰਹੀ ਸੇਵਾ ਵਿੱਚ ੧ ਸਾਲ ਵਾਧਾ ਅਤੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਜ਼ਿਲ੍ਹਾਂ ਪਠਾਨਕੋਟ ਵਿਖੇ ਇਮਾਰਤਾਂ ਦੇ ਕੰਮ ਅਧੂਰੇ ਹੋਣ ਕਰਕੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸੇਵਾ ਵਿੱਚ ੧ ਸਾਲ ਦਾ ਵਾਧਾ ਕੀਤਾ ਗਿਆ।
ਅੱਜ ਦੀ ਇਕੱਤਰਤਾ ਵਿੱਚ ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਭਜਨ ਸਿੰਘ ਸ਼ੇਰਗਿੱਲ, ਸ. ਸੁਰਜੀਤ ਸਿੰਘ ਗੜ੍ਹੀ ਤੇ ਸਕੱਤਰ ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ, ਐਡੀਸ਼ਨ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ ਤੇ ਸ. ਪਰਮਜੀਤ ਸਿੰਘ ਸਰੋਆ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਮਨਪ੍ਰੀਤ ਸਿੰਘ ਐਕਸੀਅਨ, ਸ.ਪਰਮਦੀਪ ਸਿੰਘ, ਸ. ਸੁਖਬੀਰ ਸਿੰਘ, ਸ. ਮਨਿੰਦਰ ਮੋਹਨ ਸਿੰਘ ਤੇ ਸ. ਪਰਮਜੀਤ ਸਿੰਘ ਇੰਚਾਰਜ ਅਤੇ ਸ. ਅਰਵਿੰਦਰ ਸਿੰਘ ਸਾਸਨ ਏ.ਪੀ.ਆਰ.ਓ ਆਦਿ ਮੌਜੂਦ ਸਨ।