ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਅੰਮ੍ਰਿਤਸਰ, 17 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਸਰਕਾਰ ਦੇ ਅਦਾਰੇ ‘ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਵਿਭਾਗ’ ਵੱਲੋਂ ਵੱਖ-ਵੱਖ ਅਖਬਾਰਾਂ ਵਿਚ ਮਿਤੀ 16 ਜੂਨ 2017 ਨੂੰ ਜੀਐਸਟੀ ਸਬੰਧੀ ਜਾਰੀ ਕੀਤੇ ਗਏ ਇਸ਼ਹਿਤਾਰ ਵਿਚ ਸਿੱਖ ਦਸਤਾਰ ਦੇ ਕੀਤੇ ਗਏ ਅਪਮਾਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ਼ਹਿਤਾਰ ਵਿਚ ਵੱਖ-ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਦੀ ਪ੍ਰਕਾਸ਼ਿਤ ਕੀਤੀ ਗਈ ਸਮੂਹਿਕ ਤਸਵੀਰ ਵਿਚ ਬਾਕੀ ਸਭ ਲੋਕਾਂ ਦੀਆਂ ਤਸਵੀਰਾਂ ਸਹੀ ਢੰਗ ਨਾਲ ਪ੍ਰਕਾਸ਼ਿਤ ਕਰਕੇ ਇੱਕ ਗ਼ੈਰ-ਸਿੱਖ ਦੇ ਸਿਰ ਉਪਰ ਸਿੱਖ ਦਸਤਾਰ ਲਗਾ ਕੇ ਕੌਮਾਂਤਰੀ ਪੱਧਰ ‘ਤੇ ਇਸਦਾ ਅਪਮਾਨ ਕੀਤਾ ਗਿਆ ਹੈ ਜੋ ਕਦਾਚਿਤ ਬਰਦਾਸ਼ਤ ਕਰਨਯੋਗ ਨਹੀਂ।

ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਦਸਤਾਰ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਦੇਸ਼ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਸਿੱਖਾਂ ਨੇ ਸਨਮਾਨਜਨਕ ਅਹੁਦੇ ਪ੍ਰਾਪਤ ਕੀਤੇ ਹੋਏ ਹਨ। ਭਾਰਤ ਦੇ ਵੀ ਹਰ ਖੇਤਰ ਵਿਚ ਦਸਤਾਰਧਾਰੀ ਸਿੱਖਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵੱਖਰੀ ਪਛਾਣ ਕਾਇਮ ਕੀਤੀ ਹੋਈ ਹੈ। ਇਥੋਂ ਤਕ ਕਿ ਪਿਛਲੀ ਕੇਂਦਰ ਸਰਕਾਰ ਵਿਚ ਮਾਨਯੋਗ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਵੀ ਇੱਕ ਦਸਤਾਰਧਾਰੀ ਸਿੱਖ ਲੰਮਾ ਸਮਾਂ ਰਹੇ ਹਨ, ਜਿਨ੍ਹਾਂ ਨੂੰ ਸਾਰਾ ਦੇਸ਼ ਚੰਗੀ ਤਰ੍ਹਾਂ ਜਾਣਦਾ ਹੈ।

ਪ੍ਰੋ: ਬਡੂੰਗਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਸ ਇਸ਼ਤਿਹਾਰ ਵਿਚੋਂ ਤੁਰੰਤ ਨਕਲੀ ਬਣਾਈ ਗਈ ਫੋਟੋ ਨੂੰ ਹਟਾ ਕੇ ਅਸਲ ਸਿੱਖ ਦੀ ਫੋਟੋ ਲਗਾਉਣ ਦੀ ਅਪੀਲ ਕਰਦਿਆਂ ਪੁਰਾਣੇ ਇਸ਼ਤਿਹਾਰ ਉਪਰ ਰੋਕ ਲਗਾਉਣ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਉਪਰ ਸਖਤ ਕਾਰਵਾਈ ਦੀ ਮੰਗ ਵੀ ਕੀਤੀ।