ਅੰਮ੍ਰਿਤਸਰ, ੨੯ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਸਰਕਾਰ ਵੱਲੋਂ ਅੱਠ ਸਿੱਖ ਬੰਦੀਆਂ ਦੀ ਰਿਹਾਈ ਤੇ ਇੱਕ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਦਾ ਇਹ ਇੱਕ ਮਾਨਵਵਾਦੀ ਫੈਸਲਾ ਹੈ, ਜਿਸ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕੇ ਤੋਂ ਉਮਰ ਦਾ ਅਹਿਮ ਪੜਾਅ ਜੇਲਾਂ ਵਿਚ ਕੱਟ ਚੁੱਕੇ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਸਦਾ ਆਵਾਜ ਉਠਾਉਂਦੀ ਰਹੀ ਹੈ। ਸਿੱਖ ਜਗਤ ਦੀ ਚਿਰੋਕਣੀ ਮੰਗ ਨੂੰ ਸਵੀਕਾਰਦਿਆਂ ਸਰਕਾਰ ਦਾ ਫੈਸਲਾ ਸਵਾਗਤਯੋਗ ਹੈ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਬਾਕੀ ਰਹਿੰਦੇ ਬੰਦੀਆਂ ਦੇ ਮਾਮਲੇ ‘ਤੇ ਵੀ ਗੌਰ ਕਰਨ ਵੀ ਮੰਗ ਕੀਤੀ ਹੈ।