ਅੰਮ੍ਰਿਤਸਰ, ੧੧ ਮਈ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੈਨੇਡਾ ਦੀ ਸਰਕਾਰ ‘ਚ ਸਿੱਖ ਮੰਤਰੀ ਸ. ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਇਕ ਹਵਾਈ ਅੱਡੇ ‘ਤੇ ਪੱਗ ਉਤਾਰਨ ਲਈ ਮਜ਼ਬੂਰ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੈਨੇਡਾ ਦੇ ਮੰਤਰੀ ਹੁੰਦਿਆਂ ਵੀ ਸ. ਨਵਦੀਪ ਸਿੰਘ ਬੈਂਸ ਨੂੰ ਨਸਲੀ ਵਿਰੋਧਤਾ ਦਾ ਸ਼ਿਕਾਰ ਹੋਣਾ ਪਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਲਿਆਕਤ ਤੇ ਸਖ਼ਤ ਮਿਹਨਤ ਨਾਲ ਦੇਸ਼ ਦੁਨੀਆਂ ਅੰਦਰ ਤਰੱਕੀ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਵਿਕਸਿਤ ਦੇਸ਼ ਕੈਨੇਡਾ ਵਿਚ ਚਾਰ ਸਿੱਖ/ਪੰਜਾਬੀ ਮੰਤਰੀ ਹਨ। ਪਰ ਫਿਰ ਵੀ ਸਿੱਖਾਂ ਨੂੰ ਵਿਦੇਸ਼ਾਂ ਅੰਦਰ ਅਕਸਰ ਹੀ ਨਸਲੀ ਨਫ਼ਰਤ ਦਾ ਸਾਹਮਣਾ ਪੈਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਕਿ ਗੁਆਂਢੀ ਮੁਲਕ ਦੇ ਇਕ ਮੰਤਰੀ ਦੇ ਧਰਮ ਅਤੇ ਸੱਭਿਆਚਾਰਕ ਰਵਾਇਤਾਂ ਤੋਂ ਜੇਕਰ ਅਮਰੀਕਾ ਅਭਿੱਜ ਹੈ ਤਾਂ ਇਸ ਨੂੰ ਜਾਂ ਤਾਂ ਅਮਰੀਕਾ ਸਰਕਾਰ ਦੀ ਨਕਾਮੀ ਕਿਹਾ ਜਾ ਸਕਦਾ ਹੈ ਜਾਂ ਫਿਰ ਕੋਈ ਸਾਜ਼ਿਸ਼। ਉਨ੍ਹਾਂ ਕਿਹਾ ਕਿ ਅਮਰੀਕਾ ਅੰਦਰ ਸ. ਨਵਦੀਪ ਸਿੰਘ ਬੈਂਸ ਨੂੰ ਸੁਰੱਖਿਆ ਦੇ ਨਾਂ ‘ਤੇ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਵਾਲੇ ਹਵਾਈ ਅੱਡੇ ਦੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਈ ਲੌਂਗੋਵਾਲ ਨੇ ਇਸ ਮਾਮਲੇ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਸਰਕਾਰ ਨਾਲ ਰਾਬਤਾ ਬਣਾ ਕੇ ਸ. ਬੈਂਸ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਨੂੰ ਯਕੀਨੀ ਬਣਵਾਉਣ।