ਅੰਮ੍ਰਿਤਸਰ 8 ਜੁਲਾਈ (        ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਮੁਜੱਸਮਾ ਹੈ। ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਲਈ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਆਉਂਦੀਆਂ ਹਨ। ਜੋ ਵੀ ਇਸ ਮੁਕੱਦਸ ਅਸਥਾਨ ਤੇ ਆਉਂਦਾ ਹੈ, ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪੰਗਤ ਵਿੱਚ ਬੈਠ ਕੇ ਅਨੰਦ ਨਾਲ ਪ੍ਰਸ਼ਾਦਾ ਛਕਦਾ ਹੈ।ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਲਈ ਲੰਗਰ ਦਾ ਵੱਡੇ ਪੱਧਰ ਤੇ ਇੰਤਜ਼ਾਮ ਕਰਦੀ ਹੈ, ਪਰ ਇਸ ਅਸਥਾਨ ਨਾਲ ਦਿਲੋਂ ਪ੍ਰੀਤ ਰੱਖਣ ਵਾਲੇ ਸ਼ਰਧਾਵਾਨਾਂ ਦੀ ਵੀ ਘਾਟ ਨਹੀਂ ਹੈ।

ਇਨ੍ਹਾਂ ਸ਼ਰਧਾਵਾਨਾਂ ਵਿੱਚੋਂ ਕੈਪਟਨ ਮਨਬੀਰ ਸਿੰਘ ਢਿੱਲੋਂ ਸਪੁੱਤਰ ਸ੍ਰ: ਗੁਰਜਿੰਦਰ ਸਿੰਘ ਢਿੱਲੋਂ ਵਾਸੀ ਸੰਧੂ ਐਵੀਨਿਊ ਅੰਮ੍ਰਿਤਸਰ ਵੀ ਇਕ ਹੈ।ਜਿਸ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਏਨੀ ਕਿਰਪਾ ਕੀਤੀ ਕਿ 19 ਸਾਲ ਦੀ ਉਮਰ ਵਿੱਚ ਹੀ ਸਿੱਧਾ ਕੈਪਟਨ ਰੈਂਕ ਬਖਸ਼ ਦਿੱਤਾ।ਉਹ ਪਿਛਲੇ 8 ਸਾਲਾਂ ਤੋਂ ਆਪਣੀ ਕਿਰਤ ਕਮਾਈ ਵਿਚੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਆਪਣੀ ਹੈਸੀਅਤ ਮੁਤਾਬਿਕ ਰਸਦਾਂ ਭੇਟ ਕਰ ਰਿਹਾ ਹੈ। ਇਸ ਵਾਰ ਵੀ ਉਸ ਨੇ ਸ਼ਰਧਾ ਵਸ ਪ੍ਰੀਵਾਰ ਸਮੇਤ ਪਹੁੰਚ ਕੇ ਲੰਗਰ ਵਾਸਤੇ ਆਟਾ, ਖੰਡ, ਚਾਵਲ, ਦਾਲਾਂ, ਚਾਹ ਪੱਤੀ, ਵੇਸਨ ਆਦਿ ਰਸਦਾਂ ਭੇਟ ਕੀਤੀਆਂ ਹਨ।

ਕੈਪਟਨ ਮਨਬੀਰ ਸਿੰਘ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਘਰ ਹੈ, ਉਹ ਅੱਜ ਜੋ ਕੁਝ ਵੀ ਹੈ ਕੇਵਲ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਹੈ।ਇਸ ਲਈ ਜਦੋਂ ਤੀਕ ਸਤਿਗੁਰੂ ਕਿਰਪਾ ਕਰਦੇ ਰਹਿਣਗੇ ਉਹ ਆਪਣੀ ਕਿਰਤ ਕਮਾਈ ਵਿਚੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰਸਦਾਂ ਭੇਟ ਕਰਦੇ ਰਹਿਣਗੇ। ਕੈਪਟਨ ਮਨਬੀਰ ਸਿੰਘ ਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਸ. ਜਤਿੰਦਰ ਸਿੰਘ ਵਧੀਕ ਮੈਨੇਜਰ ਤੇ ਸ. ਸਤਨਾਮ ਸਿੰਘ ਇੰਚਾਰਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ ਵੀ ਮੌਜੂਦ ਸਨ।