ਅੰਮ੍ਰਿਤਸਰ, 21 ਮਾਰਚ- ਪੂਰੇ ਵਿਸ਼ਵ ਅੰਦਰ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਅੰਦਰ ਨਤਮਸਤਕ ਹੋਣ ਲਈ ਪੁੱਜਦੀਆਂ ਸੰਗਤਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧਾਂ ਵਿਚ ਚੌਕਸੀ ਹੋਰ ਵਧਾ ਦਿੱਤੀ ਹੈ। ਬੇਸ਼ੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੇ ਮਸ਼ਵਰੇ ਅਨੁਸਾਰ ਪਹਿਲਾਂ ਤੋਂ ਹੀ ਸਾਵਧਾਨੀਆਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ, ਪਰੰਤੂ ਹੁਣ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਲੋੜ ਅਨੁਸਾਰ ਹੀ ਸਟਾਫ ਦੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਦਾ ਵਧਦੇ ਪ੍ਰਭਾਵ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਚੇਤੰਨ ਹੈ ਅਤੇ ਇਸ ਲਈ ਹੀ ਪ੍ਰਬੰਧਕੀ ਚੌਕਸੀ ਵਧਾਈ ਗਈ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਬੇਸ਼ੱਕ ਸੰਗਤ ਦੀ ਆਮਦ ਘਟੀ ਹੈ, ਲੇਕਿਨ ਫਿਰ ਵੀ ਹਰ ਪੱਧਰ ’ਤੇ ਸਾਵਧਾਨੀਆਂ ਬਰਕਰਾਰ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਅਤੇ ਹੈਲਥ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਦਾ ਸਟਾਫ ਮੁੱਢਲੀ ਜਾਂਚ ਲਈ ਪਹਿਲਾਂ ਦੀ ਤਰ੍ਹਾਂ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦਿਆਂ ਹੁਣ ਗੁਰੂ ਘਰਾਂ ਦੀ ਰੋਜ਼ਾਨਾਂ ਦੀ ਮਰਯਾਦਾ ਨਾਲ ਸਬੰਧਤ ਲੋੜ ਅਨੁਸਾਰ ਸਟਾਫ ਹੀ ਸੇਵਾ ਨਿਭਾਏਗਾ। ਇਸ ਤੋਂ ਇਲਾਵਾ ਪ੍ਰਬੰਧਕੀ ਦਫਤਰਾਂ ਵਿਚ ਵੀ ਬਦਲਵੇਂ ਪ੍ਰਬੰਧਾਂ ਤਹਿਤ ਹੀ ਮੁਲਾਜ਼ਮਾਂ ਪਾਸੋਂ ਡਿਊਟੀ ਲਈ ਜਾਵੇਗੀ। ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਪਾਠਕਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਹੈ ਅਤੇ ਸੂਚਨਾਂ ਕੇਂਦਰ ਵਿਖੇ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਮੁਲਾਜ਼ਮਾਂ ਦੇ ਬਚਾਅ ਲਈ ਵੀ ਸੁਚੇਤ ਹੈ। ਇਸੇ ਕਰਕੇ ਹੀ ਐਤਵਾਰ ਦੇ ਨਾਲ ਨਾਲ ਸ਼ਨਿੱਚਰਵਾਰ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਦਫਤਰ ਬੰਦ ਰੱਖੇ ਗਏ ਹਨ, ਜਦਕਿ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕੀ ਦਫਤਰ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਭਿਆਨਕ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਸਭ ਲਈ ਜ਼ਰੂਰੀ ਹਨ ਪਰੰਤੂ ਗੁਰੂ ਘਰਾਂ ਦੀ ਪਾਵਨ ਮਰਯਾਦਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਅੱਜ ਪੂਰੇ ਵਿਸ਼ਵ ਨੂੰ ਸਹਿਯੋਗ ਦੀ ਲੋੜ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਨਿੱਜੀ ਤੌਰ ’ਤੇ ਲਾਭਕਾਰੀ ਹੋਣ ਦੇ ਨਾਲ ਨਾਲ ਸਮਾਜ ਅਤੇ ਦੇਸ਼ ਦੇ ਵੀ ਭਲੇ ਵਿਚ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਬਚਾਅ ਦੇ ਮੱਦੇਨਜ਼ਰ ਬਹੁਤ ਜ਼ਿਆਦਾ ਜ਼ਰੂਰਤ ਸਮੇਂ ਹੀ ਘਰੋਂ ਨਿਕਲਣ ਅਤੇ ਅਫਵਾਹਾਂ ਤੋਂ ਬਚਿਆ ਜਾਵੇ, ਵਾਦ ਵਿਵਾਦ ਵੀ ਨਾ ਕੀਤਾ ਜਾਵੇ। ਸੰਜਮ ਹੀ ਇਸ ਦਾ ਬਿਹਤਰ ਹੱਲ ਹੈ। ਉਨ੍ਹਾਂ ਕਿਹਾ ਕਿ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਵਖਰੇਵਿਆਂ ਤੋਂ ਉਪਰ ਉੱਠ ਕੇ ਇਸ ਮਹਾਂਮਾਰੀ ਵਿਰੁੱਧ ਲੜਾਈ ਲੜੀ ਜਾਵੇ। ਸ਼੍ਰੋਮਣੀ ਕਮੇਟੀ ਸਰਕਾਰ ਤੇ ਸਿਹਤ ਵਿਭਾਗ ਦੇ ਸਹਿਯੋਗ ਲਈ ਵਚਨਬੱਧ ਹੈ।