ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੰਗਤ ਨੂੰ ਗੁਰਮਤਿ ਦੀ ਰੌਸ਼ਨੀ ’ਚ ਜੀਵਨ ਜੀਣ ਦੀ ਅਪੀਲ

ਅੰਮ੍ਰਿਤਸਰ, 7 ਮਾਰਚ- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਦਫ਼ਤਰ ਵਿਖੇ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਰਕਾਰਾਂ ਦੇ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧਕੀ ਸੁਚੇਤਤਾ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਿੱਲੇ ਕੱਪੜਿਆਂ ਅਤੇ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਸੰਗਤਾਂ ਨੂੰ ਡਰ ਮੁਕਤ ਕਰਨ ਲਈ ਪ੍ਰੇਰਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਅੰਦਰ ਸੰਗਤਾਂ ਦੀ ਆਮਦ ਬਣੀ ਰਹਿੰਦੀ ਹੈ ਅਤੇ ਇਸ ਸਬੰਧ ਵਿਚ ਡਰ ਨਾਲੋਂ ਚੇਤੰਨਤਾ ਜ਼ਰੂਰੀ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਭਿਆਨਕ ਬਿਮਾਰੀ ਬਿਨਾ ਸ਼ੱਕ ਚਿੰਤਾਜਨਕ ਹੈ, ਪਰੰਤੂ ਸਾਨੂੰ ਗੁਰਮਤਿ ਫ਼ਲਸਫ਼ੇ ਦੀ ਰੌਸ਼ਨੀ ਵਿਚ ਜੀਵਨ ਜੀਣਾ ਚਾਹੀਦਾ ਹੈ। ਇਕ ਦੂਸਰੇ ਨੂੰ ਮਿਲਣ ਸਮੇਂ ਹੱਥ ਮਿਲਾਉਣ ਦੀ ਥਾਂ ਗੁਰੂ ਬਖ਼ਸ਼ਿਸ਼ ਫ਼ਤਹਿ ਬੁਲਾਈ ਜਾਵੇ। ਇਹ ਗੁਰੂ ਸਾਹਿਬ ਵੱਲੋਂ ਸਿੱਖਾਂ ਲਈ ਪਹਿਲਾਂ ਹੀ ਲਾਜ਼ਮੀ ਕੀਤਾ ਹੋਇਆ ਹੈ। ਰਹਿਤਨਾਮਿਆਂ ਵਿਚ ਵੀ ਜ਼ਿਕਰ ਹੈ ਕਿ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫ਼ਤਹਿ ਬੁਲਾਵੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੇ ਸਿੱਖ ਨੂੰ ਮਿਲਣ ਸਮੇਂ ਫ਼ਤਹਿ ਜ਼ਰੂਰੀ ਹੈ। ਇਸ ਦਾ ਪਾਲਣ ਹਰ ਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਮਨੁੱਖਤਾ ਲਈ ਇਕ ਮਾਰਗ ਦਰਸ਼ਨ ਹੈ ਅਤੇ ਜੀਵਨ ਜੀਣ ਸਬੰਧੀ ਗੁਰੂ ਸਾਹਿਬ ਦੇ ਸਿਧਾਂਤ ਅਤੇ ਸਿੱਖ ਮਰਯਾਦਾ ਨਿਰਮਲ ਅਤੇ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਬਿਨਾ ਸ਼ੱਕ ਅੱਜ ਕੋਰੋਨਾ ਵਾਇਰਸ ਦੀ ਦਹਿਸ਼ਤ ਮਨੁੱਖਤਾ ਅੰਦਰ ਪਾਈ ਜਾ ਰਹੀ ਹੈ, ਪਰ ਸਾਡਾ ਸੁਚੇਤ ਰੂਪ ਵਿਚ ਜੀਵਨ ਜੀਣਾ ਅਤੇ ਹੋਰਨਾਂ ਨੂੰ ਡਰ ਮੁਕਤ ਕਰਨ ਲਈ ਅੱਗੇ ਆਉਣਾ ਜ਼ਰੂਰੀ ਹੈ।
ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਕੱਲ੍ਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਇਕ ਵਿਸ਼ੇਸ਼ ਵਾਰਡ ਅਤੇ ਆਈ.ਸੀ.ਸੀ.ਯੂ. ਖੋਲ੍ਹਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ ਹੈ।