ਸ਼੍ਰੋਮਣੀ ਕਮੇਟੀ ਹਰ ਸਾਲ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਯਾਦ ਵਿਚ ਕਰਵਾਏਗੀ ਗੁਰਮਤਿ ਸਮਾਗਮ –ਪ੍ਰੋ: ਬਡੂੰਗਰ
ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ


ਅੰਮ੍ਰਿਤਸਰ, ੨੦ ਅਕਤੂਬਰ (             )-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਵੀਹਵੀਂ ਸਦੀ ਦੇ ਮਹਾਨ ਪ੍ਰਚਾਰਕ, ਸਮਾਜ ਸੁਧਾਰਕ ਅਤੇ ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਭੂਰਾ ਕੋਹਨਾ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਅੱਜ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੇ ਸਪੁੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਪ੍ਰਿੰਸੀਪਲ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਿਸ਼ੇਸ਼ ਤੌਰ ਤੇ ਪਹੁੰਚੇ। ਸੈਮੀਨਾਰ ਦੀ ਆਰੰਭਤਾ ਸਮੇਂ ਪ੍ਰਿੰਸੀਪਲ ਸਤਵੰਤ ਕੌਰ ਨੇ ਸੈਮੀਨਾਰ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਭਾਈ ਮਨਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ ਅਤੇ ਸੰਘਰਸ਼ੀ ਯੋਧੇ ਸਨ। ਉਨ੍ਹਾਂ ਨੇ ਸਾਰੀ ਉਮਰ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਉਨ੍ਹਾਂ ਕਿਹਾ ਕਿ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਵਜੋਂ ਸੁਚੱਜੀ ਅਗਵਾਈ ਕਰਦਿਆਂ ਜਿਥੇ ਅਨੇਕਾਂ ਪ੍ਰਚਾਰਕ ਤਿਆਰ ਕੀਤੇ, ਉਥੇ ਹੀ ਪੰਥ ਨੂੰ ਦਰਪੇਸ਼ ਤਤਕਾਲੀ ਚੁਣੌਤੀਆਂ ਦਾ ਨਾ ਕੇਵਲ ਡਟ ਕੇ ਮੁਕਾਬਲਾ ਹੀ ਕੀਤਾ ਸਗੋਂ ਉਨ੍ਹਾਂ ਵਿਚੋਂ ਕੌਮ ਨੂੰ ਬਾਹਰ ਕੱਢਣ ਲਈ ਕਰੜਾ ਸੰਘਰਸ਼ ਵੀ ਕੀਤਾ। ਪ੍ਰੋ: ਬਡੂੰਗਰ ਨੇ ਕਿਹਾ ਕਿ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਸ਼ਖਸੀਅਤ ਨਿੱਡਰ ਪ੍ਰਭਾਵ ਵਾਲੀ ਸੀ, ਜਿਸ ਨੇ ਗੁਰਮਤਿ ਫਲਸਫੇ ਨੂੰ ਸੰਗਤਾਂ ਵਿਚ ਉਭਾਰਨ ਸਮੇਂ ਆਈਆਂ ਔਕੜਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਕੌਮੀ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗਿਆਨੀ ਕਰਤਾਰ ਸਿੰਘ ਖਾਲਸਾ ਵੱਲੋਂ ਸਮਾਜਕ ਕੁਰੀਤੀਆਂ ਖਿਲਾਫ ਕੀਤੇ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਸਮਾਜਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਗਿਆਨੀ ਕਰਤਾਰ ਸਿੰਘ ਖਾਲਸਾ ਦੇ ਪਾਏ ਪੂਰਨਿਆਂ ਅਨੁਸਾਰ ਅਜੋਕੀਆਂ ਸਮੱਸਿਆਵਾਂ ਦੇ ਹੱਲ ਲਈ ਗੁਰਮਤਿ ਜੁਗਤਿ ਦੇ ਧਾਰਨੀ ਬਣਨਾ ਚਾਹੀਦਾ ਹੈ। ਇਸ ਮੌਕੇ ਪ੍ਰੋ: ਬਡੂੰਗਰ ਨੇ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸਮਾਗਮ ਕਰਵਾਉਣ ਦਾ ਐਲਾਨ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਇਥੇ ਸਥਿਤ ਸਿੱਖ ਮਿਸ਼ਨਰੀ ਕਾਲਜ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦਾ ਪ੍ਰਗਟਾਵਾ ਵੀ ਕੀਤਾ।
ਇਸ ਦੌਰਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਅਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਪੰਥਕ ਦੇਣ ਤੋਂ ਨੌਜੁਆਨੀ ਨੂੰ ਜਾਣੂੰ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਕਰਨ ਲਈ ਗਿਆਨੀ ਕਰਤਾਰ ਸਿੰਘ ਖਾਲਸਾ ਵਰਗੇ ਗੁਰਸਿੱਖਾਂ ਦੀਆਂ ਜੀਵਨ ਕਹਾਣੀਆਂ ਸੁਣਾਉਣ ਤਾਂ ਜੋ ਬੱਚਿਆਂ ਨੂੰ ਆਪਣੇ ਵਡੇਰਿਆਂ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਕਾਰਜਾਂ ਤੋਂ ਪ੍ਰੇਰਨਾ ਮਿਲ ਸਕੇ। ਸੈਮੀਨਾਰ ਵਿਚ ਸਿੱਖ ਵਿਦਵਾਨ ਡਾ. ਸੂਬਾ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਗੁਰਬਚਨ ਸਿੰਘ ਕਰਮੂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ ਆਦਿ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਹੋਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਗੁਰਬਚਨ ਸਿੰਘ ਕਰਮੂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਬੀਬੀ ਅਮਰਜੀਤ ਕੌਰ, ਸ. ਕੰਵਰ ਚੜ੍ਹਤ ਸਿੰਘ ਮੀਤ ਸਕੱਤਰ ਸ. ਚਾਨਣ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ ਤੇ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਪ੍ਰੋ: ਸੁਖਦੇਵ ਸਿੰਘ, ਪ੍ਰਿੰਸੀਪਲ ਰਾਜਪਾਲ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਸ. ਹਰਜਿੰਦਰ ਸਿੰਘ ਐਡੀਸ਼ਨਲ ਮੈਨੇਜਰ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਤਰਨਜੀਤ ਸਿੰਘ, ਸ. ਜਗੀਰ ਸਿੰਘ ਗਿੱਲ, ਸ. ਜਸਪਾਲ ਸਿੰਘ ਮੈਨੇਜਰ, ਬਾਬਾ ਸੋਹਣ ਸਿੰਘ ਕਾਰਸੇਵਾ ਵਾਲੇ, ਪ੍ਰਿੰਸੀਪਲ ਬਲਦੇਵ ਸਿੰਘ ਸਮੇਤ ਵੱਖ-ਵੱਖ ਗੁਰਮਤਿ ਕਾਲਜਾਂ ਦੇ ਵਿਦਿਆਰਥੀ ਅਤੇ ਸੰਗਤਾਂ ਹਾਜ਼ਰ ਸਨ।