ਗਿਆਨੀ ਬਲਵੰਤ ਦੇ ਚਲਾਣੇ ਨਾਲ ਕੌਮ ਇਕ ਸਿਰੜੀ ਇਤਿਹਾਸਕਾਰ ਤੋਂ ਵਾਂਝੀ ਹੋਈ-ਭਾਈ ਲੌਂਗੋਵਾਲ

ਅੰਮ੍ਰਿਤਸਰ, ੨੮ ਫ਼ਰਵਰੀ– ਪ੍ਰਸਿੱਧ ਸਿੱਖ ਵਿਦਵਾਨ ਤੇ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਵੱਖ-ਵੱਖ ਭਸ਼ਾਵਾਂ ਦੇ ਗਿਆਤਾ ਸਨ ਅਤੇ ਉਨ੍ਹਾਂ ਨੇ ਕਰੜੀ ਮਿਹਨਤ ਨਾਲ ਇਤਿਹਾਸਕ ਸਥਾਨਾਂ ਸਬੰਧੀ ਖੋਜ ਭਰਪੂਰ ਕਾਰਜ ਕੀਤੇ। ਉਨ੍ਹਾਂ ਦੇ ਚਲਾਣੇ ਨਾਲ ਸਿੱਖ ਕੌਮ ਇਕ ਸਿਰੜੀ ਅਤੇ ਪ੍ਰਮਾਣਿਕ ਇਤਿਹਾਸਕਾਰ ਤੋਂ ਵਾਂਝੀ ਹੋ ਗਈ ਹੈ। ਉਨ੍ਹਾਂ ਗਿਆਨੀ ਬਲਵੰਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਇਤਿਹਾਸ ਦੇ ਨਵੇਂ ਖੋਜਕਾਰਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੀ ਖੋਜ ਨੂੰ ਨਵੇਂ ਅੰਜ਼ਾਮ ਦੇਣ ਦੀ ਅਪੀਲ ਕੀਤੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਸ਼੍ਰੋਮਣੀ ਸਿੱਖ ਚਿੰਤਕ ਡਾ. ਰੂਪ ਸਿੰਘ ਨੇ ਵੀ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਅਕਾਲ ਚਲਾਣੇ ਨੂੰ ਪੰਥਕ ਘਾਟਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਗਿਆਨੀ ਬਲਵੰਤ ਸਿੰਘ ਦੀ ਖੋਜ ਸਦਕਾ ਹੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਤਖ਼ਤ ਵਜੋਂ ਪ੍ਰਵਾਨ ਕੀਤਾ ਗਿਆ। ਇਸ ਮਗਰੋਂ ਹੀ ਪੰਥਕ ਅਰਦਾਸ ਵਿਚ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਨਾਂ ਸ਼ਾਮਲ ਹੋਇਆ। ਇੰਝ ਗਿਆਨੀ ਬਲਵੰਤ ਸਿੰਘ ਨੇ ਇਤਿਹਾਸ ਸਬੰਧੀ ਬਹੁਤ ਸਾਰੇ ਮੌਲਿਕ ਕਾਰਜ ਕਰਕੇ ਇਕ ਵੱਖਰਾ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਆਖਿਆ ਕਿ ਗਿਆਨੀ ਕੋਠਾਗੁਰੂ ਦੇ ਖੋਜ ਭਰਪੂਰ ਮੁੱਲਵਾਨ ਕਾਰਜ ਨਵੇਂ ਖੋਜਾਰਥੀਆਂ ਦੀ ਹਮੇਸ਼ਾਂ ਅਗਵਾਈ ਕਰਦੇ ਰਹਿਣਗੇ। ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨ ਦੀ ਘਾਲਣਾ ਦੀ ਕਦਰ ਕਰਦੀ ਹੈ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਿੱਖ ਇਤਿਹਾਸ ਰੀਸਰਚ ਬੋਰਡ ਬੋਰਡ ਦੇ ਮੈਂਬਰ ਸ. ਹਰਵਿੰਦਰ ਸਿੰਘ ਖਾਲਸਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਤੇ ਮੁੱਖ ਗ੍ਰੰਥੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਦੁਸ਼ਾਲਾ ਭੇਟ ਕਰਕੇ ਸਤਿਕਾਰ ਦਿੱਤਾ ਹੈ।