ਬੀਬੀਆਂ ਨੂੰ ਵੀ ਢਾਡੀ/ਕਵੀਸ਼ਰੀ ਕਲਾ ਸਿਖਾਉਣ ਦਾ ਪ੍ਰਬੰਧ ਹੋਵੇਗਾ-ਭਾਈ ਲੌਂਗੋਵਾਲ

ਅੰਮ੍ਰਿਤਸਰ, 23 ਜੁਲਾਈ –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਢਾਡੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਂ ‘ਤੇ ਸਥਾਪਤ ਕੀਤੇ ਗਏ ਪਹਿਲੇ ਢਾਡੀ/ਕਵੀਸ਼ਰ ਗੁਰਮਤਿ ਕਾਲਜ ਦਾ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਵੱਲੋਂ ਸ਼ੁਰੂ ਕੀਤੀ ਗਈ ਢਾਡੀ ਕਲਾ ਦਾ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਸਿੱਖਾਂ ਅੰਦਰ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਕਰਨ ਲਈ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਢਾਡੀ ਕਵੀਸ਼ਰ ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਕਾਰਜਸ਼ੀਲ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਗਿਣਤੀ ਵਿਚ ਢਾਡੀ/ਕਵੀਸ਼ਰ ਭਰਤੀ ਕੀਤੇ ਗਏ ਹਨ, ਜੋ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਢਾਡੀ/ਕਵੀਸ਼ਰ ਆਪ ਤਿਆਰ ਕਰਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਧਰਮ ਪ੍ਰਚਾਰ ਕਰਨ ਲਈ ਪਹਿਲ ਦੇ ਆਧਾਰ ‘ਤੇ ਨਿਯੁਕਤ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿਚ ਇਸ ਢਾਡੀ/ਕਵੀਸ਼ਰ ਕਾਲਜ ਵਿਚ ਬੀਬੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਲਈ ਇਕ ਵੱਖਰੇ ਹੋਸਟਲ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਢਾਡੀ ਗਿਆਨੀ ਬਲਦੇਵ ਸਿੰਘ ਐਮ.ਏ., ਗਿਆਨੀ ਗੁਰਮੇਜ ਸਿੰਘ ਸ਼ਹੂਰਾ ਅਤੇ ਕਵੀਸ਼ਰ ਭਾਈ ਗੁਰਮੁੱਖ ਸਿੰਘ ਐਮ.ਏ. ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਸੇਵਾ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਨਿਭਾਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਥਾਨਕ ਮੈਂਬਰਾਂ ਨੇ ਭਾਈ ਲੌਂਗੋਵਾਲ ਨੂੰ ਸਨਮਾਨਿਤ ਵੀ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਢਾਡੀ ਸਭਾਵਾਂ ਵੱਲੋਂ ਗਿਆਨੀ ਬਲਦੇਵ ਸਿੰਘ ਐਮ.ਏ. ਅਤੇ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਸਮੇਤ ਢਾਡੀ ਕਵੀਸ਼ਰ ਜਥਿਆਂ ਨੇ ਵੀ ਭਾਈ ਲੌਂਗੋਵਾਲ ਨੂੰ ਢਾਡੀ ਸਿਖਲਾਈ ਲਈ ਕਾਲਜ ਖੋਲ੍ਹਣ ਦੀ ਪਹਿਲਕਦਮੀ ਕਰਨ ਬਦਲੇ ਸਨਮਾਨ ਦਿੱਤਾ।
ਇਸ ਮੌਕੇ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਭਗਵੰਤ ਸਿੰਘ ਸਿਆਲਕਾ, ਬੀਬੀ ਕਿਰਨਜੋਤ ਕੌਰ, ਡਾ. ਰੂਪ ਸਿੰਘ ਤੋਂ ਇਲਾਵਾ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ, ਸ. ਅਮਰੀਕ ਸਿੰਘ ਸ਼ਾਹਪੁਰ, ਬਾਬਾ ਨਿਰਮਲ ਸਿੰਘ, ਬੀਬੀ ਜੋਗਿੰਦਰ ਕੌਰ, ਸ. ਕੁਲਦੀਪ ਸਿੰਘ ਤੇੜਾ, ਸ. ਬਲਵਿੰਦਰ ਸਿੰਘ ਵਈਂਪੂਈਂ, ਬਾਬਾ ਸ਼ੁਬੇਗ ਸਿੰਘ ਕਾਰਸੇਵਾ ਵਾਲੇ, ਬਾਬਾ ਅਮਰੀਕ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ, ਸ. ਦਰਸ਼ਨ ਸਿੰਘ ਲੌਂਗੋਵਾਲ, ਡਾ. ਜੋਗੇਸ਼ਵਰ ਸਿੰਘ, ਸ. ਜਸਪਾਲ ਸਿੰਘ ਢੱਡੇ, ਸ. ਸੁਖਵਿੰਦਰ ਸਿੰਘ ਅਗਵਾਨ, ਪ੍ਰਿੰਸੀਪਲ ਬਲਦੇਵ ਸਿੰਘ, ਸ. ਦਿਲਬਾਗ ਸਿੰਘ ਵਡਾਲੀ, ਸ. ਗੁਰਪ੍ਰੀਤ ਸਿੰਘ ਵਡਾਲੀ ਸਮੇਤ ਹੋਰ ਹਾਜ਼ਰ ਸਨ।