ਭਾਈ ਮਨੀ ਸਿੰਘ ਜੀ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ-ਭਾਈ ਲੌਂਗੋਵਾਲ

ਅੰਮ੍ਰਿਤਸਰ, 6 ਫ਼ਰਵਰੀ–ਸਿੱਖ ਪੰਥ ਦੇ ਮਹਾਨ ਸ਼ਹੀਦ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਜਨਮ ਅਸਥਾਨ ਭਾਈ ਮਨੀ ਸਿੰਘ ਜੀ ਕੈਂਬੋਵਾਲ ਲੌਂਗੋਵਾਲ ਵਿਖੇ ਸੰਪੂਰਣ ਹੋਏ। ਇਸ ਮੌਕੇ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਸਾਹਿਬ ਦੇ ਭੋਗ ਤੋਂ ਬਾਅਦ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ। ਇਸ ਮੌਕੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਈ ਮਨੀ ਸਿੰਘ ਜੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਹੋਣ ਦਾ ਮਾਣ ਬਖ਼ਸ਼ਿਸ਼ ਕੀਤਾ ਸੀ। ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ-ਬੂਝ ਨਾਲ ਅਤਿਅੰਤ ਬਿਖੜੇ ਸਮੇਂ ਵਿਚ ਪੰਥ ਨੂੰ ਇਕਮੁੱਠ ਰੱਖਿਆ ਅਤੇ ਪੰਥ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤੀ ਹੈ ਅਤੇ ਇਸ ਦੀ ਪੈਦਾਇਸ਼ ਤੱਤੀ ਤਵੀ ਵਿਚੋਂ ਹੋਈ ਹੈ। ਇਸ ਨੂੰ ਦੁਨੀਆਂ ਦੀ ਕੋਈ ਵੀ ਸ਼ਕਤੀ ਖ਼ਤਮ ਨਹੀਂ ਕਰ ਸਕਦੀ।
ਇਸ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖ਼ਸੀਅਤ ਹੈ, ਜਿਨ੍ਹਾਂ ਦਾ ਸਾਰਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ। ਭਾਈ ਸਾਹਿਬ ਜੀ ਦਾ ਜੀਵਨ ਸਾਨੂੰ ਵੱਡੇ ਤੋਂ ਵੱਡੇ ਸੰਕਟ ਦਾ ਡੱਟ ਕੇ ਮੁਕਾਬਲਾ ਕਰਨ ਦਾ ਹੌਂਸਲਾ ਪ੍ਰਦਾਨ ਕਰਦਾ ਹੈ। ਭਾਈ ਲੌਂਗੋਵਾਲ ਨੇ ਗੁਰਮਤਿ ਸਮਾਗਮ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ‘ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ, ਭਾਈ ਲਖਮੀਰ ਸਿੰਘ ਬਰਨਾਲਾ ਅਤੇ ਭਾਈ ਗੁਰਮੇਲ ਸਿੰਘ ਸੰਗਰੂਰ ਵਾਲਿਆਂ ਦੇ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਭਾਈ ਗੁਰਿੰਦਰਪਾਲ ਸਿੰਘ ਬੈਂਕਾ, ਭਾਈ ਜੀਵਨ ਸਿੰਘ ਘਰਾਚੋਂ, ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬਲਦੇਵ ਸਿੰਘ ਬਿੱਲੂ, ਭਾਈ ਪਿਆਰਾ ਸਿੰਘ ਪ੍ਰੇਮੀ, ਭਾਈ ਤਰਸੇਮ ਸਿੰਘ ਦੋਗਾਲ ਅਤੇ ਭਾਈ ਸਤਪਾਲ ਸਿੰਘ ਐਮ.ਏ. ਜਥਿਆਂ ਨੇ ਸੰਗਤ ਨੂੰ ਗੁਰ-ਇਤਿਹਾਸ ਨਾਲ ਜੋੜਿਆ।
ਇਸ ਮੌਕੇ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਅੰਤ੍ਰਿੰਗ ਮੈਂਬਰ, ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਸਾਬਕਾ ਪ੍ਰਧਾਨ, ਸ. ਮਲਕੀਤ ਸਿੰਘ ਚੰਗਾਲ, ਭਾਈ ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਪਰਮਜੀਤ ਸਿੰਘ ਖ਼ਾਲਸਾ ਬਰਨਾਲਾ, ਬਾਬਾ ਗੁਲਜ਼ਾਰ ਸਿੰਘ ਕਾਰਸੇਵਾ ਦਿੱਲੀ ਵਾਲੇ, ਬਾਬਾ ਰਾਜਪਾਲ ਸਿੰਘ ਕਾਰਸੇਵਾ ਵਾਲੇ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲਿਆਂ ਤੋਂ ਇਲਾਵਾ ਹੋਰ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਰਿਟਾਇਰਡ ਏ.ਡੀ.ਸੀ. ਸ. ਭਗਵਾਨ ਸਿੰਘ ਸਿੱਧੂ ਜਿਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਇਤਿਹਾਸ ‘ਤੇ ਕਿਤਾਬ ਲਿਖੀ ਹੈ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਜਥੇਦਾਰ ਉਦੈ ਸਿੰਘ, ਬਾਬਾ ਬਲਵਿੰਦਰ ਸਿੰਘ, ਕਾਕਾ ਨਵਇੰਦਰ ਸਿੰਘ ਲੌਂਗੋਵਾਲ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਕੰਗ ਮੀਤ ਸਕੱਤਰ, ਸ. ਬਿਨਰਜੀਤ ਸਿੰਘ ਗੋਲਡੀ, ਡਾਇਰੈਕਟਰ ਜਤਿੰਦਰ ਸਿੰਘ ਸਿੱਧੂ, ਚੇਅਰਮੈਨ ਜਗਬੀਰ ਸਿੰਘ ਕੋਟਲਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਸ. ਪਰਮਜੀਤ ਸਿੰਘ ਜੱਸੇਕਾ, ਸ. ਕੁਲਦੀਪ ਸਿੰਘ ਰੋਡੇ, ਸ. ਜਗਜੀਤ ਸਿੰਘ ਜੱਗਾ, ਸ. ਬਿੰਦਰ ਸਿੰਘ ਠੇਕੇਦਾਰ, ਸ. ਕੁਲਵੰਤ ਸਿੰਘ ਕਾਂਤੀ, ਬਾਬਾ ਕੋਰ ਸਿੰਘ, ਪ੍ਰਿੰਸੀਪਲ ਗੁਰਬੀਰ ਸਿੰਘ ਤੇ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ, ਮੈਨੇਜਰ ਸ. ਮਨਜਿੰਦਰ ਸਿੰਘ ਬੱਲ, ਮੈਨੇਜਰ ਸ. ਕਰਨੈਲ ਸਿੰਘ ਨਾਭਾ, ਮੈਨੇਜਰ ਸ. ਮਨਪ੍ਰੀਤ ਸਿੰਘ ਭਲਵਾਨ, ਮੈਨੇਜਰ ਭੁਪਿੰਦਰ ਸਿੰਘ ਜੋਸ਼ੀ, ਮੈਨੇਜਰ ਨਰਿੰਦਰ ਸਿੰਘ ਰਾਮਪੁਰਾ, ਮੈਨੇਜਰ ਸ. ਰੇਸ਼ਮ ਸਿੰਘ ਆਲਮਗੀਰ, ਮੈਨੇਜਰ ਸ. ਗੁਰਪ੍ਰੀਤ ਸਿੰਘ ਗੁ: ਮੰਜੀ ਸਾਹਿਬ ਕੋਟਾ, ਮੈਨੇਜਰ ਸ. ਦਿਲਬਾਗ ਸਿੰਘ ਗੁ: ਕਟਣਾ ਸਾਹਿਬ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਇਸ ਮੌਕੇ ‘ਤੇ ੩੪ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ। ਇਨ੍ਹਾਂ ਨੂੰ ਕਰਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।