ਅੰਮ੍ਰਿਤਸਰ 10 ਜੁਲਾਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫ਼ਤੀ ਮੁਹੰਮਦ ਸੱਯਦ ਨੂੰ ਪੱਤਰਕਾ ਲਿਖੀ ਹੈ। ਆਪਣੀ ਪੱਤਰਕਾ ਵਿੱਚ ਉਨ੍ਹਾਂ ਸ੍ਰੀ ਸੱਯਦ ਨੂੰ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਨਾਨਕ ਦੇਵ ਜੀ ਨੇ ਹੋਰਨਾ ਅਸਥਾਨਾ ਦੇ ਇਲਾਵਾ ਚੀਨ ਤੇ ਤਿੱਬਤ ਤੋਂ ਆਉਂਦੇ ਹੋਏ ਆਪਣੀ ਤੀਸਰੀ ਉਦਾਸੀ ਦੌਰਾਨ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਊਧਮਪੁਰ ਦੀ ਤਹਿਸੀਲ ਰਾਮ ਨਗਰ ਦੇ ਪਿੰਡ ਸਰ ਮਨਜੀਲਾ ਦੇ ਗੁਰਦੁਆਰਾ ਚਰਨ ਕਮਲ ਦੇ ਅਸਥਾਨਪੁਰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਤੇ ਇਸੇ ਅਸਥਾਨ ਤੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ੧੯੮੪ ਦੇ ਦੰਗਿਆਂ ਦੌਰਾਨ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸਾੜ ਦਿੱਤਾ ਗਿਆ ਸੀ।ਇਸ ਇਮਾਰਤ ਦੀ ਮੁਰੰਮਤ ਸਿੱਖ ਸਮੁਦਾਏ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਇਮਾਰਤ ਦੀ ਮੁੜ ੧੯੮੭ ‘ਚ ਭੰਨ-ਤੋੜ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਲ ਮੰਤਰੀ ਦੀਆਂ ਹਿਦਾਇਤਾਂ ਅਨੁਸਾਰ ਅਸਿਸਟੈਂਟ ਕਮਿਸ਼ਨਰ (ਰਾਮ ਨਗਰ) ਊਧਮਪੁਰ ਨੇ ਉਸ ਜਗ੍ਹਾਂ ਦਾ ਮੁਆਇਨਾ ਕੀਤਾ ਤੇ ਓਥੋਂ ਦੇ ਵਸਨੀਕਾਂ ਤੇ ਚੌਂਕੀਦਾਰ ਦੇ ਬਿਆਨ ਦਰਜ ਕੀਤੇ ਤੇ ਇਸ ਸਬੰਧੀ ਮੁਕੰਮਲ ਰੀਪੋਰਟ ਨੰਬਰ ੩੫੯੬/੯੭/ਐਸ ਕਿਊ, ਮਿਤੀ ੨੦-੧੨-੨੦੧੦ ਨੂੰ ਡਿਪਟੀ ਕਮਿਸ਼ਨਰ ਊਧਮਪੁਰ ਨੂੰ ਸੌਂਪੀ। ਉਨ੍ਹਾਂ ਕਿਹਾ ਕਿ ਇਸ ਰੀਪੋਰਟ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਨੇੜਲੇ ਵਸਨੀਕਾਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਮੁੜ ਨਿਰਮਾਣ ਕਰਨ ਸਬੰਧੀ ਕੋਈ ਇਤਰਾਜ਼ ਨਹੀਂ ਸੀ।ਜੋ ਕਿ ਖਸਰਾ ਨੰਬਰ ੩੯੨/੫੨ ਪਿੰਡ ਸਰ ਮਨਜੀਲਾ, ਤਹਿਸੀਲ ਰਾਮ ਨਗਰ, ਜ਼ਿਲ੍ਹਾ ਊਧਮਪੁਰ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਊਧਮਪੁਰ ਦੀ ਰੀਪੋਰਟ ਜੋ ਕਿ ਡਵਿਜ਼ਨਲ ਕਮਿਸ਼ਨਰ ਨੂੰ ਭੇਜੀ ਗਈ ਹੈ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ ਕਿ ੧੫-੨੦ ਕਨਾਲ ਹੈ ਦੇ ਨੇੜਲੇ ਵਸਨੀਕ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਜੰਮੂ-ਕਸ਼ਮੀਰ ਨੇ ਮਿਤੀ ੨੩-੩-੨੦੧੫ ਨੂੰ ਮੁਕਦਮਾ ਓ ਡਬਲਯੂ ਪੀ ਨੰਬਰ ੧੪੬/੨੦੧੫ ਵਿੱਚ ਹੁਕਮ ਕੀਤਾ ਹੈ ਕਿ ਡਿਪਟੀ ਕਮਿਸ਼ਨਰ ਊਧਮਪੁਰ ਇਸ ਹੁਕਮ ਦੀ ਤਸਦੀਕਸ਼ੁਦਾ ਕਾਪੀ ਜਾਰੀ ਹੋਣ ਤੋਂ ੬ ਹਫ਼ਤਿਆਂ ਦੇ ਵਿੱਚ-ਵਿੱਚ ਸਪੀਕਿੰਗ ਆਰਡਰ ਜਾਰੀ ਕਰਕੇ ਇਸ ਦਾ ਨਿਪਟਾਰਾ ਕਰੇ।
ਉਨ੍ਹਾਂ ਕਿਹਾ ਕਿ ਮੈਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਵਿਸ਼ਵ ਪੱਧਰ ਤੇ ਸਿੱਖ ਧਰਮ ਸਬੰਧੀ ਮਾਮਲਿਆਂ ਨੂੰ ਹੱਲ ਕਰਦੀ ਹੈ ਦਾ ਪ੍ਰਧਾਨ ਹੋਣ ਦੇ ਨਾਤੇ ਕਹਿਣਾ ਚਾਹੁੰਦਾ ਹਾਂ ਕਿ ਆਪ ਇਸ ਮਾਮਲੇ ਪ੍ਰਤੀ ਆਪਣੀ ਨਿੱਜੀ ਰੁਚੀ ਲੈਂਦੇ ਹੋਏ ਆਪਣੇ ਉੱਚ ਅਧਿਕਾਰੀਆਂ ਨੂੰ ਕਹੋ ਕਿ ਉਹ ਸਿੱਖ ਸਮੁਦਾਏ ਦੀ ਮੰਗ ਦੇ ਅਧਾਰ ਤੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਜਲਦ ਤੋਂ ਜਲਦ ਜ਼ਮੀਨ ਮੁਹੱਈਆ ਕਰਵਾਉਣ।