ਅੰਮ੍ਰਿਤਸਰ, 24 ਫ਼ਰਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਦੇ ਉਦਮ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਯੂ.ਪੀ. ਅਤੇ ਉਤਰਾਖੰਡ ਸਟੇਟਾਂ ਵਿਚ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਉਤਰਾਖੰਡ ਦੇ ਕਾਂਸੀਪੁਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪਾਲ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਗਿਆਨੀ ਰਣਜੀਤ ਸਿੰਘ ਗੌਹਰੇ ਮਸਕੀਨ ਨੇ ਗੁਰ-ਸ਼ਬਦ ਦੀ ਵਿਚਾਰ, ਗਿਆਨੀ ਜਗਦੇਵ ਸਿੰਘ ਹੈੱਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਭਾਈ ਗੁਰਿੰਦਰਪਾਲ ਸਿੰਘ ਬੈਕਾਂ ਦੇ ਕਵੀਸ਼ਰੀ ਜਥੇ ਨੇ ਗੁਰੂ ਸਾਹਿਬ ਜੀ ਦਾ ਜੀਵਨ ਇਤਿਹਾਸ ਸੰਗਤ ਨੂੰ ਸਰਵਣ ਕਰਵਾਇਆ ਅਤੇ ਨਵੰਬਰ 2019 ਨੂੰ ਪੰਜਾਬ ਦੀ ਧਰਤੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ’ਤੇ ਚੱਲਣ ਦੀ ਪ੍ਰੇਰਣਾ ਕੀਤੀ। ਯੂ.ਪੀ. ਸਿੱਖ ਮਿਸ਼ਨ ਅਤੇ ਸਿੱਖ ਮਿਸ਼ਨ ਕਾਂਸੀਪੁਰ ਉਤਰਾਖੰਡ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਤੇ ਸ. ਹਰਜਿੰਦਰ ਸਿੰਘ ਅਤੇ ਹੋਰ ਪ੍ਰਚਾਰਕ, ਢਾਡੀ ਕਵੀਸ਼ਰਾਂ ਨੇ ਵੀ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸੰਗਤ ਤੀਕ ਗੁਰੂ ਸਾਹਿਬ ਜੀ ਦੀਆਂ ਵਿਚਾਰਧਾਰਾ ਦਾ ਸੁਨੇਹਾ ਪਹੁੰਚਾਇਆ। ਗੁਰਮਤਿ ਸਮਾਗਮ ਵਿਚ ਡੇਰਾ ਕਾਰਸੇਵਾ ਸਪ੍ਰਦਾਇ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ, ਬਾਬਾ ਸੁਰਿੰਦਰ ਸਿੰਘ, ਬਾਬਾ ਸੁੱਖਾ ਸਿੰਘ ਕਰਨਾਲ, ਬਾਬਾ ਤਰਸੇਮ ਸਿੰਘ ਨਾਨਕ ਮਤਾ ਸਾਹਿਬ ਨੇ ਵੀ ਹਾਜ਼ਰੀ ਭਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਤਰਾਖੰਡ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹਲਕਾ ਵਿਧਾਇਕ ਸ. ਹਰਭਜਨ ਸਿੰਘ ਚੀਮਾ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਸੰਤ ਮਹਾਂਪੁਰਸ਼ਾਂ ਵੱਲੋਂ ਗੁਰਮਤਿ ਸਮਾਗਮਾਂ ਮੌਕੇ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।