ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਵੀਰਵਾਰ, ੧੯ ਹਾੜ (ਸੰਮਤ ੫੫੭ ਨਾਨਕਸ਼ਾਹੀ) ੩ ਜੁਲਾਈ, ੨੦੨੫ (ਅੰਗ: ੬੦੧)

ਗੁਰਦੁਆਰਾ ਬੁਰਜ ਸਾਹਿਬ, ਧਾਰੀਵਾਲ (ਗੁਰਦਾਸਪੁਰ)

ਗੁਰਦੁਆਰਾ ਬੁਰਜ ਸਾਹਿਬ, ਧਾਰੀਵਾਲ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪਾਵਨ ਅਸਥਾਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ, ‘ਗੁਰਦੁਆਰਾ ਬਾਰਠ ਸਾਹਿਬ’ ਦੇ ਅਸਥਾਨ ‘ਤੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਉਪਰੰਤ ਅੰਮ੍ਰਿਤਸਰ ਨੂੰ ਵਾਪਸੀ ਸਮੇਂ ਇਸ ਅਸਥਾਨ ‘ਤੇ ਇਕ ਰਾਤ ਠਹਿਰੇ ਸਨ। ਉਸ ਸਮੇਂ ਇਹ ਅਸਥਾਨ ਬੇ-ਅਬਾਦ ਸੀ। ਪ੍ਰੇਮੀ ਗੁਰਸਿੱਖਾਂ ਨੇ ਜਿਸ ਅਸਥਾਨ ‘ਤੇ ਗੁਰੂ ਜੀ ਬੈਠੇ ਸਨ, ਉਥੇ ਮਿੱਟੀ ਦਾ ‘ਬੁਰਜ’ ਉਸਾਰ ਦਿੱਤਾ, ਜਿਸ ਕਰਕੇ ਇਹ ਅਸਥਾਨ ‘ਬੁਰਜ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਪਹਿਲਾਂ ਪ੍ਰਬੰਧ ਪਿਤਾ-ਪੁਰਖੀ ਮਹੰਤਾਂ ਪਾਸ ਸੀ, 1922 ਈ: ਵਿਚ ਅਕਾਲੀ ਜਥਾ ਗੁਰਦਾਸਪੁਰ ਨੇ ਪ੍ਰਬੰਧ ਸੰਭਾਲ ਲਿਆ। 1927 ਈ: ਵਿਚ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਸਰੋਵਰ ਨੂੰ ਪੱਕਿਆਂ ਕਰਨ ਦਾ ਕਾਰਜ ਅਰੰਭਿਆ ਗਿਆ। 1948 ਈ: ਵਿਚ ਗੁਰਦੁਆਰਾ ਸਾਹਿਬ ਵੱਲੋਂ ਵਿੱਦਿਆ ਦੇ ਪ੍ਰਸਾਰ ਤੇ ਗੁਰਮਤਿ ਪ੍ਰਚਾਰ ਲਈ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਸ਼ੁਰੂ ਕੀਤਾ ਗਿਆ। ਅਗਸਤ 1953 ਈ: ਵਿਚ ਗੁਰਦੁਆਰਾ ਸਾਹਿਬ ਦੀ ਆਧੁਨਿਕ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਤੇ 1965 ਈ: ਵਿਚ ਸੰਪੂਰਨ ਹੋਇਆ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੁਣ ‘ਲੋਕਲ ਕਮੇਟੀ’ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ।

ਇਹ ਇਤਿਹਾਸਕ ਅਸਥਾਨ ਪਿੰਡ ਫਤੇ ਨੰਗਲ, ਡਾਕਘਰ ਧਾਰੀਵਾਲ ਤਹਿਸੀਲ/ਜ਼ਿਲ੍ਹਾ ਗੁਰਦਾਸਪੁਰ ਵਿਚ ਅੰੰਿਮ੍ਰਤਸਰ ਤੋਂ ਪਠਾਨਕੋਟ (ਜੰਮੂ) ਰੋਡ ‘ਤੇ ਧਾਰੀਵਾਲ ਬੱਸ ਸਟੈਂਡ ਤੋਂ ਡੇਢ ਕਿਲੋਮੀਟਰ ਅਤੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਤੇ ਧਾਰੀਵਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ, ਪੰਜਵੀਂ ‘ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

‘ਗੁਰਦੁਆਰਾ ਬੁਰਜ ਸਾਹਿਬ’ ਦੇ ਨਜ਼ਦੀਕ ਹੈ ‘ਗੁਰਦੁਆਰਾ ਗੁਰਦਾਸ ਨੰਗਲ’ ਦੇਖਣਯੋਗ ਹੈ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮੀ ਮੁਗਲੀਆ ਸਾਮਰਾਜ ਦੇ ਵਿਰੁੱਧ ਆਖਰੀ ਲੜਾਈ ਲੜੀ।

‘ਗੁਰਦੁਆਰਾ ਬੁਰਜ ਸਾਹਿਬ’ ਵਿਖੇ ਯਾਤਰੂਆਂ ਦੀ ਰਿਹਾਇਸ਼ ਲਈ 10 ਕਮਰੇ ਬਣੇ ਹੋਏ ਅਤੇ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ।

 

Gurdwara Text Courtesy :- Dr. Roop Singh, Secretary S.G.P.C.