-ਕਿਹਾ, ਦਿੱਲੀ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ਕਰ ਰਹੀ ਹੈ ਯਤਨ

ਅੰਮ੍ਰਿਤਸਰ, 7 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਪ੍ਰਬੰਧਕਾਂ ਵਿਰੁੱਧ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਰਜ਼ ਕਰਵਾਏ ਗਏ ਝੂਠੇ ਪਰਚੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਕਾਰਵਾਈ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ ਹੈ। ਦਿੱਲੀ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮੁੱਚਾ ਵਿਸ਼ਵ ਭਿਆਨਕ ਮਹਾਮਾਰੀ ਨਾਲ ਲੜ ਰਿਹਾ ਹੈ ਤਾਂ ਅਜਿਹੇ ਵਿਚ ਲੋੜਵੰਦਾਂ ਲਈ ਕੰਮ ਕਰ ਰਹੀਆਂ ਸਿੱਖ ਸੰਸਥਾਵਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਉਣਾ ਮੰਦਭਾਗੀ ਗੱਲ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬੇਹੱਦ ਸੰਜੀਦਾ ਦੌਰ ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਆਪਣੀਆਂ ਗਲਤੀਆਂ ਦਾ ਦੋਸ਼ ਹੋਰਨਾਂ ਸਿਰ ਮੜਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਦਿੱਲੀ ਅਤੇ ਪੰਜਾਬ ਸਰਕਾਰ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰਦੀ, ਜਦਕਿ ਉਲਟਾ ਗੁਰੂ ਘਰ ਆਸ ਨਾਲ ਆਏ ਲੋਕਾਂ ਦੀ ਮੱਦਦ ਕਰਨ ਲਈ ਸਿੱਖ ਸੰਸਥਾ ’ਤੇ ਪਰਚਾ ਦਰਜ਼ ਕਰ ਦਿੱਤਾ ਗਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਸ਼ਹਿਰ ਅੰਦਰ ਹੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਰਫਿਊ ਕਾਰਨ ਫਸੇ ਹੋਏ ਹਨ ਅਤੇ ਅਜਿਹੇ ਵਿਚ ਉਹ ਗੁਰੂ ਘਰਾਂ ਵਿਚ ਆਸ ਨਾਲ ਆ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਸ਼ਾਸਨ ਦੀ ਆਗਿਆ ਨਾਲ ਸੈਂਕੜੇ ਲੋਕਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਇਆ ਗਿਆ ਹੈ। ਦਿੱਲੀ ਦੇ ਲੋਕਾਂ ਨੂੰ ਵੀ ਬੱਸਾਂ ਰਾਹੀਂ ਪੰਜਾਬ ਤੋਂ ਭੇਜਿਆ ਗਿਆ। ਇਸੇ ਤਹਿਤ ਹੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪ੍ਰਵਾਨਗੀ ਨਾਲ ਦਿੱਲੀ ਤੋਂ ਫਸੇ ਲੋਕਾਂ ਨੂੰ ਰਾਹਤ ਦਿੰਦਿਆਂ ਪੰਜਾਬ ਲਿਆਂਦਾ। ਇਸ ਮਗਰੋਂ ਵੀ ਹੋਰ ਲੋਕਾਂ ਨੂੰ ਪੰਜਾਬ ਭੇਜਣ ਲਈ ਦਿੱਲੀ ਕਮੇਟੀ ਨੇ ਯਤਨ ਕੀਤਾ ਤੇ ਪ੍ਰਵਾਨਗੀ ਮੰਗੀ, ਪਰ ਉਨ੍ਹਾਂ ਨੂੰ ਆਗਿਆ ਨਾ ਦਿੱਤੀ ਗਈ। ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਉਲਟਾ  ਗੁਰਦੁਆਰਾ ਪ੍ਰਬੰਧਕਾਂ ’ਤੇ ਝੂਠਾ ਪਰਚਾ ਦਰਜ਼ ਕਰ ਦਿੱਤਾ ਗਿਆ। ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਇਹ ਵਤੀਰਾ ਮਾਨਵ ਸੇਵਾ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਿੱਖ ਸੰਸਥਾਵਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਨ ਦੀ ਥਾਂ ਉਲਟਾ ਗੁਰਦੁਆਰਾ ਪ੍ਰਬੰਧਕਾਂ ਵਿਰੁੱਧ ਹੀ ਝੂਠੇ ਪਰਚੇ ਦਰਜ਼ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਉਸ ਦੀ ਸਿੱਖ ਵਿਰੋਧੀ ਮਨਸ਼ਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਨੂੰ ਤਰੁੰਤ ਮੁਆਫੀ ਮੰਗਣੀ ਚਾਹੀਦੀ ਹੈ।