ਗ੍ਰੰਥੀ ਤੇ ਅਖੰਡਪਾਠੀ ਸਿੰਘ ਸਮਾਜਕ ਕੁਰੀਤੀਆਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ -ਭਾਈ ਲੌਂਗੋਵਾਲ

ਸਮਾਗਮ ਦੌਰਾਨ ਸਿੰਘ ਸਾਹਿਬਾਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

ਆਲਮਗੀਰ/ਲੁਧਿਆਣਾ, 22 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਗੁਰੂ ਘਰਾਂ ਦੀ ਸੇਵਾ ਨਿਭਾ ਰਹੇ ਗ੍ਰੰਥੀਆਂ ਅਤੇ ਅਖੰਡਪਾਠੀਆਂ ਨੂੰ ਸੱਦਾ ਦਿੱਤਾ ਕਿ ਉਹ ਸਮਾਜਕ ਕੁਰੀਤੀਆਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ ਤਾਂ ਜੋ ਗੁਰੂ ਸਾਹਿਬਾਨ ਦੇ  ਮਿਸ਼ਨ ਅਨੁਸਾਰ ਸਮਾਜ ਵਿੱਚੋਂ ਬੁਰਾਈਆਂ ਦਾ ਖ਼ਾਤਮਾ ਹੋ ਸਕੇ। ਉਹ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥੀਆਂ ਤੇ ਅਖੰਡਪਾਠੀਆਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਜਾਣਕਾਰੀ ਦੇਣ ਲਈ ਬੀਤੇ 40 ਦਿਨਾਂ ਤੋਂ ਚੱਲ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰੰਥੀ ਤੇ ਅਖੰਡਪਾਠੀ ਸਿੰਘ ਕੌਮ ਦੇ ਅੰਬੈਸਡਰ ਹਨ ਅਤੇ ਸੰਗਤਾਂ ਇਸ ਸ਼੍ਰੇਣੀ ਤੋਂ ਪ੍ਰੇਰਣਾ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰੰਥੀ ਸ਼੍ਰੇਣੀ ਨੂੰ ਆਪਣੀ ਸੇਵਾ ਦੌਰਾਨ ਸੰਗਤਾਂ ਨਾਲ ਸੰਵਾਦ ਰਚਾਉਣ ਵਾਲੇ ਪਾਸੇ ਵੀ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ, ਤਾਂ ਜੋ ਸੰਗਤਾਂ ਨੂੰ ਧਰਮ ਅਤੇ ਸਿੱਖ ਇਤਿਹਾਸ ਬਾਰੇ ਸਰਲ ਢੰਗ ਨਾਲ ਜਾਣਕਾਰੀ ਪ੍ਰਾਪਤ ਹੋ ਸਕੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਠ ਬੋਧ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਇਸੇ ਤਹਿਤ ਅਗਲਾ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕੀਤਾ ਜਾਵੇਗਾ। 
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੰਗਤਾਂ ਗ੍ਰੰਥੀ ਸਿੰਘਾਂ ਨੂੰ ਯੋਗ ਸੇਵਾ ਫਲ ਦੇਣ ਤਾਂ ਜੋ ਉਨ੍ਹਾਂ ਨੂੰ ਪਰਿਵਾਰਾਂ ਦੇ ਪਾਲਣ-ਪੋਸ਼ਣ ਦੀ ਚਿੰਤਾ ਨਾ ਰਹੇ ਅਤੇ ਉਹ ਨਿਸਚਿੰਤ ਹੋ ਕੇ ਆਪਣੀ ਸੇਵਾ ਨਿਭਾਅ ਸਕਣ। ਉਨ੍ਹਾਂ ਗ੍ਰੰਥੀ ਤੇ ਅਖੰਡਪਾਠੀ ਸਿੰਘਾਂ ਨੂੰ ਕੌਮੀ ਇਕਜੁਟਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਤਰ ਹੋਣ ਦੀ ਅਪੀਲ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਸਿਧਾਂਤ ਵਿਲੱਖਣ ਤੇ ਜ਼ਿੰਦਗੀ ਦੇਣ ਵਾਲੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਸਮੁੱਚੇ ਸੰਸਾਰ ਦੇ ਲੋਕ ਜੀਵਨ ਸੇਧਾਂ ਨਿਰਧਾਰਤ ਕਰਨਗੇ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸਹੀ ਅਰਥਾਂ ਦੀ ਜਾਣਕਾਰੀ ਲਈ ਸ਼ੁੱਧ ਉਚਾਰਣ ਜ਼ਰੂਰੀ ਹੈ ਅਤੇ ਅਜਿਹੇ ਪਾਠ ਬੋਧ ਸਮਾਗਮ ਇਸ ਵਿਚ ਕਾਰਗਰ ਸਾਬਤ ਹੁੰਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲਾ, ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪ੍ਰਿਤਪਾਲ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਗਿਆਨੀ ਗੁਰਜੀਤ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। 
ਇਸ ਮੌਕੇ ਗੁਰਬਾਣੀ ਪਾਠ ਬੋਧ ਸਮਾਗਮ ਦੌਰਾਨ ਸੰਥਿਆ ਪ੍ਰਾਪਤ ਕਰਨ ਵਾਲੇ ਗ੍ਰੰਥੀ ਤੇ ਅਖੰਡਪਾਠੀ ਸਿੰਘਾਂ ਨੂੰ ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ 5100-5100 ਰੁਪਏ, ਪ੍ਰਮਾਣ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਨਿਭਾਈ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲਾ, ਜਥੇਦਾਰ ਚਰਨ ਸਿੰਘ ਆਲਮਗੀਰ, ਜਥੇਦਾਰ ਅਵਤਾਰ ਸਿੰਘ ਮੱਕੜ, ਸ. ਦਵਿੰਦਰ ਸਿੰਘ ਖੱਟੜਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਕੰਵਲਇੰਦਰ ਸਿੰਘ ਠੇਕੇਦਾਰ, ਸ. ਪ੍ਰਿਤਪਾਲ ਸਿੰਘ, ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਐਡੀਸ਼ਨਲ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਬਾਬਾ ਹਰਭਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਸ. ਗੁਰਸੇਵਕ ਸਿੰਘ ਮੈਨੇਜਰ ਗੁ: ਮੰਜੀ ਸਾਹਿਬ, ਮੀਤ ਮੈਨੇਜਰ ਸ. ਗੁਰਮੀਤ ਸਿੰਘ ਸੁਨਾਮ, ਸ. ਨਰਿੰਦਰ ਸਿੰਘ ਮਥਰੇਵਾਲ, ਸ. ਜਸਬੀਰ ਸਿੰਘ ਮੈਨੇਜਰ, ਭਾਈ ਗੁਰਭਾਗ ਸਿੰਘ, ਪ੍ਰਚਾਰਕ ਭਾਈ ਸੁਰਜੀਤ ਸਿੰਘ ਸਭਰਾ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਅਜੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।