ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀਆਂ ਸਾਰੀਆਂ ਸੇਵਾਵਾਂ ਨਵੰਬਰ ਤੋਂ ਪਹਿਲਾਂ ਹੋਣਗੀਆਂ ਮੁਕੰਮਲ -ਭਾਈ ਲੌਂਗੋਵਾਲ

ਸੁਲਤਾਨਪੁਰ ਲੋਧੀ, 28 ਅਗਸਤ-ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਥੇ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਦੇ ਦਰਬਾਰ ਦੀ ਨਵੀਂ ਤਿਆਰ ਕੀਤੀ ਗਈ ਇਮਾਰਤ ਅੱਜ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਪੰਥਕ ਜਾਹੋ ਜਲਾਲ ਨਾਲ ਸੰਗਤ ਅਰਪਣ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਗੁਰ-ਅਸਥਾਨ ਦੀ ਕਾਰ ਸੇਵਾ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੇ ਸੰਗਤ ਦੇ ਸਹਿਯੋਗ ਨਾਲ ਖ਼ੂਬਸੂਰਤ ਦਰਬਾਰ ਹਾਲ ਤਿਆਰ ਕੀਤਾ ਹੈ। ਨਵੇਂ ਤਿਆਰ ਕੀਤੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਮੌਕੇ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਬਾਬਾ ਸੁਬੇਗ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਡਾ. ਬੀਬੀ ਉਪਿੰਦਰਜੀਤ ਕੌਰ, ਬਾਬਾ ਹਰਭਜਨ ਸਿੰਘ ਭਲਵਾਨ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਦਰਬਾਰ ਹਾਲ ਵਿਚ ਸੁਸ਼ੋਭਿਤ ਕੀਤੇ। ਇਸ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਆਰੰਭਤਾ ਦੀ ਅਰਦਾਸ ਕੀਤੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਇਆ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਨਵੇਂ ਗੁਰੂ ਦਰਬਾਰ ਦੀ ਸੰਗਤ ਨੂੰ ਮੁਬਾਰਕਬਾਦ ਦਿੱਤੀ ਉਥੇ ਹੀ ਕਾਰ ਸੇਵਾ ਵਾਲੇ ਬਾਬਾ ਸੁਬੇਗ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਕੇਂਦਰੀ ਅਸਥਾਨ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀਆਂ ਕਾਰ ਸੇਵਾਵਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀਆਂ ਵੀ ਸੇਵਾਵਾਂ ਇਥੇ ਆਰੰਭ ਕੀਤੀਆਂ ਗਈਆਂ ਹਨ ਉਹ ਨਵੰਬਰ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਦੌਰਾਨ ਭਾਈ ਲੌਂਗੋਵਾਲ ਨੇ ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਦਰਸ਼ਨੀ ਡਿਉੜੀ ਅਤੇ ਜੋੜਾਘਰ ਦੀ ਕਾਰ ਸੇਵਾ ਵੀ ਬਾਬਾ ਸੁਬੇਗ ਸਿੰਘ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬਾਬਾ ਗੁਰਚਰਨ ਸਿੰਘ ਢੱਠੇਵਾਲੇ, ਬਾਬਾ ਜਗਜੀਤ ਸਿੰਘ, ਬਾਬਾ ਜੋਗਾ ਸਿੰਘ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਸ. ਜਰਨੈਲ਼ ਸਿੰਘ ਡੋਗਰਾਂਵਾਲਾ, ਸ. ਸਰਵਣ ਸਿੰਘ ਕੁਲਾਰ, ਸ. ਗੁਰਮੀਤ ਸਿੰਘ ਬੂਹ, ਸ. ਬਲਦੇਵ ਸਿੰਘ ਕਲਿਆਣ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਗੁਰਪ੍ਰੀਤ ਕੌਰ ਰੂਹੀ, ਸ. ਪਰਮਜੀਤ ਸਿੰਘ ਖਾਲਸਾ, ਬਾਬਾ ਸੁਖਦੇਵ ਮੁਨੀ ਜੀ, ਬਾਬਾ ਸਤਨਾਮ ਸਿੰਘ, ਬਾਬਾ ਜੱਸਾ ਸਿੰਘ ਬੁੱਢਾ ਦਲ, ਬਾਬਾ ਕਰਨੈਲ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਮਹਿੰਦਰ ਸਿੰਘ ਤਰਨ ਤਾਰਨ, ਬਾਬਾ ਸ਼ਮਸ਼ੇਰ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਕੁਲਵਿੰਦਰ ਸਿੰਘ ਰਮਦਾਸ, ਭਾਈ ਸੁਰਿੰਦਰਪਾਲ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆੜ, ਸ. ਜਰਨੈਲ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਗੁਰਮੀਤ ਸਿੰਘ ਪੁਲਿਸ ਕਮਿਸ਼ਨਰ, ਸ. ਗੁਰਜੰਟ ਸਿੰਘ ਆਹਲੀ, ਬੀਬੀ ਭਜਨ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
ਦੱਸਣਯੋਗ ਹੈ ਕਿ ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਇਥੇ ਗੁਰੂ ਸਾਹਿਬ ਨੇ ਆਪਣੀ ਰਿਹਾਇਸ਼ ਰੱਖੀ ਸੀ ਅਤੇ ਇਸੇ ਅਸਥਾਨ ’ਤੇ ਹੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲੱਖਮੀ ਦਾਸ ਜੀ ਦਾ ਆਗਮਨ ਹੋਇਆ ਸੀ। ਇਥੇ ਇਕ ਇਤਿਹਾਸਕ ਖੂਹ ਵੀ ਮੌਜੂਦ ਹੈ। ਇਸ ਤੋਂ ਇਲਾਵਾ ਕਾਰ ਸੇਵਾ ਸਮੇਂ ਖੁਦਾਈ ਦੌਰਾਨ ਇਥੇ ਇਕ ਪੁਰਾਤਨ ਕਮਰਾ ਵੀ ਮਿਲਿਆ ਸੀ ਜਿਸਨੂੰ ਜ਼ਮੀਨਦੋਜ਼ ਹਿੱਸੇ ਵਿਚ ਸੁਰੱਖਿਅਤ ਕੀਤਾ ਗਿਆ ਹੈ। ਇਹ ਕਮਰਾ ਪੁਰਾਤਨ ਨਿੱਕੀ ਇੱਟ ਦਾ ਬਣਿਆ ਹੋਇਆ ਹੈ ਅਤੇ ਹੁਣ ਇਸ ਦੁਆਲੇ ਵਿਰਾਸਤੀ ਦਿੱਖ ਅਨੁਸਾਰ ਚਾਰਦੀਵਾਰੀ ਕਰਕੇ ਸ਼ੀਸ਼ੇ ਲਗਾ ਕੇ ਸੰਭਾਲਿਆ ਗਿਆ ਹੈ ਤਾਂ ਜੋ ਸੰਗਤ ਇਸ ਦੇ ਦਰਸ਼ਨ ਕਰ ਸਕੇ।