ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਪਾਸੋਂ ਕਰਵਾਈ ਗਈ ਹੈ ਮੁਰੰਮਤ ਦੀ ਕਾਰ ਸੇਵਾ

ਅੰਮ੍ਰਿਤਸਰ, ੧੧ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ (ਬਟਾਲਾ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਇਤਿਹਾਸਕ ਅੱਠ ਨੁਕਰਾਂ ਵਾਲਾ ਖੂਹ ਮੁਰੰਮਤ ਕਰਨ ਮਗਰੋਂ ਅੱਜ ਸੰਗਤ ਅਰਪਣ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਖੂਹ ਪੰਜਵੇਂ ਪਾਤਸ਼ਾਹ ਨੇ ਸੰਗਤ ਦੀ ਮੰਗ ਅਨੁਸਾਰ ਤਿਆਰ ਕਰਵਾਇਆ ਸੀ। ਵਿਰਾਸਤ ਦੀ ਸੰਭਾਲ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਸ ਦੀ ਕਾਰਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਨਿੱਕੀ ਇੱਟ ਨਾਲ ਖੂਹ ਨੂੰ ਵਿਰਾਸਤੀ ਦਿੱਖ ਦਿੱਤੀ ਹੈ।
ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰਾਸਤ ਦੀ ਸਾਂਭ ਸੰਭਾਲ ਲਈ ਸੁਚੇਤ ਰੂਪ ਵਿਚ ਕੰਮ ਕਰ ਰਹੀ ਹੈ। ਇਸੇ ਤਹਿਤ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਖੂਹ ਨੂੰ ਮੁੜ ਚਾਲੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਗੁਰਦੁਆਰਾ ਸਾਹਿਬ ਵਿਖੇ ਇਕ ਏਕੜ ਰਕਬੇ ਵਿਚ ਵਿਰਾਸਤੀ ਦਰੱਖਤ ਵੀ ਲਗਾਏ ਜਾਣਗੇ, ਤਾਂ ਜੋ ਵਾਤਾਵਰਨ ਦੀ ਸ਼ੁਧਤਾ ਦੇ ਨਾਲ-ਨਾਲ ਪੰਛੀਆਂ ਨੂੰ ਰੈਣ-ਬਸੇਰਾ ਵੀ ਮਿਲ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਮੇਂ ਦੇ ਗੇੜ ਨਾਲ ਇਹ ਇਤਿਹਾਸਕ ਖੂਹ ਚਾਲੂ ਹਾਲਤ ਵਿਚ ਨਹੀਂ ਸੀ ਰਹਿ ਸਕਿਆ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਮੁੜ ਉਸ ਰੂਪ ਵਿਚ ਸੁਰਜੀਤ ਕਰਨ ਲਈ ਫੈਸਲਾ ਕੀਤਾ ਸੀ, ਜਿਸ ਅਨੁਸਾਰ ਖੂਹ ਦੀ ਮੁਰੰੰਮਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਥੇ ਵਿਰਾਸਤੀ ਦਿੱਖ ਦੇਣ ਲਈ ਨਿੱਕੀ ਇੱਟ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵਿਰਾਸਤ ਬੇਹੱਦ ਮਹੱਤਵਪੂਰਨ ਹੈ, ਜਿਸ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਨੂੰ ਸਹਿਜੇ ਹੀ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਾਰਸੇਵਾ ਸਮੇਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਮੌਲਸਰੀ ਦੇ ੫ ਬੂਟੇ ਵੀ ਲਗਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਰਜਿੰਦਰ ਸਿੰਘ ਪਦਮ, ਸ. ਸੰਦੀਪ ਸਿੰਘ ਰੰਧਾਵਾ, ਸ. ਅਮਰੀਕ ਸਿੰਘ ਬਾਲੇਵਾਲ, ਸ. ਜਸਪਾਲ ਸਿੰਘ ਸਰਪੰਚ ਓਠੀਆਂ, ਸ. ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸ. ਗੁਰਿੰਦਰ ਸਿੰਘ ਲਾਲੀ ਮੈਨੇਜਰ ਗੁਰਦੁਆਰਾ ਡੇਹਰਾ ਸਾਹਿਬ, ਸ. ਬਲਜੀਤ ਸਿੰਘ ਮੈਨੇਜਰ ਗੁਰਦੁਆਰਾ ਅੱਚਲ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਕਾਰਸੇਵਾ ਵਾਲੇ, ਬਾਬਾ ਅਮੋਲਕ ਸਿੰਘ, ਸ. ਗੁਰਖੇਲ ਸਿੰਘ ਨਿੱਕੇਘੁੰਮਣ, ਸ. ਸੁਖਦੀਪ ਸਿੰਘ ਖਹਿਰਾ, ਸ. ਪ੍ਰਮਿੰਦਰ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ, ਸ. ਰੇਸ਼ਮ ਸਿੰਘ, ਸ. ਹਰਪ੍ਰੀਤ ਸਿੰਘ ਮੂਲੇਵਾਲ, ਸ. ਗੁਰਜੋਤ ਸਿੰਘ ਪਦਮ, ਭਾਈ ਕੁਲਜੀਤ ਸਿੰਘ ਹੈੱਡ ਗ੍ਰੰਥੀ ਆਦਿ ਮੌਜੂਦ ਸਨ।