ਅੰਮ੍ਰਿਤਸਰ 1 ਸਤੰਬਰ- ਕੈਲੇਫੋਰਨੀਆ ਅਮਰੀਕਾ ਦੇ ਗੁਰਦੁਆਰਾ ਸਾਹਿਬ ਸੈਨਹੋਜੇ ਦੀ ਲੋਕਤਾਂਤਰਿਕ ਤਰੀਕੇ ਨਾਲ ਚੋਣ ਵਿੱਚ ਸ. ਹਰਦੇਵ ਸਿੰਘ (ਤੱਖਰ) ਦੀ ਅਗਵਾਈ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਲੀ ਮੁਬਾਰਕਬਾਦ ਦਿੱਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਕੈਲੇਫੋਰਨੀਆ ‘ਚ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ, ਸੈਨਹੋਜੇ ਦੇ ਪ੍ਰਬੰਧ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਅਦਾਲਤ ਦਾ ਸਹਾਰਾ ਲਿਆ ਸੀ ਅਦਾਲਤ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਹੋਈ ਚੋਣ ਦੌਰਾਨ ਉਥੋਂ ਦੇ ਵਸਨੀਕ ਸਿੱਖ ਭਾਈਚਾਰੇ ਨੇ ਇਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਸ. ਹਰਦੇਵ ਸਿੰਘ ਤੱਖਰ ਦੀ ਅਗਵਾਈ ਵਾਲੇ ਪੰਥ ਦਰਦੀਆਂ ਨੂੰ ਵੱਡੇ ਫਰਕ ਨਾਲ ਚੋਣ ਜਿੱਤਾ ਕੇ ਗੁਰੂ-ਘਰ ਦਾ ਪ੍ਰਬੰਧ ਸੌਂਪਿਆ ਹੈ।ਉਨ੍ਹਾਂ ਕਿਹਾ ਕਿ ਹਰੇਕ ਸੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਤੇ ਗੁਰਦੁਆਰਾ ਸੈਨਹੋਜੇ ਦੀ ਹੋਈ ਚੋਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਮਰੀਕਾ ਵਿੱਚ ਵੱਸ ਰਹੇ ਸਿੱਖ ਅੱਜ ਵੀ ਮੁਕੰਮਲ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਤੇ ਇਥੋਂ ਜਾਰੀ ਸਿੱਖ ਰਹਿਤ ਮਰਯਾਦਾ ਅਤੇ ਆਦੇਸ਼ ਸੰਦੇਸ਼ ਨੂੰ ਮੰਨਣ ਲਈ ਪੂਰੀ ਤਰ੍ਹਾਂ ਪਾਬੰਦ ਤੇ ਵਚਨਬੱਧ ਹਨ ਜੋ ਖੁਸ਼ੀ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸੈਨਹੋਜੇ ਦੀ ਪ੍ਰਬੰਧਕ ਕਮੇਟੀ ਨੂੰ ਪੂਰੀ ਤਰ੍ਹਾਂ ਸਹਿਯੋਗ ਕਰੇਗੀ।ਇਸੇ ਤਰ੍ਹਾਂ ਸ. ਰਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ ਨੇ ਵੀ ਸ. ਹਰਦੇਵ ਸਿੰਘ ਤੱਖਰ ਪ੍ਰਧਾਨ ਗੁਰਦੁਆਰਾ ਕਮੇਟੀ ਸੈਨਹੋਜੇ ਦੀ ਅਗਵਾਈ ‘ਚ ਜਿੱਤ ਪ੍ਰਾਪਤ ਕਰਨ ਵਾਲੇ ਸਮੁੱਚੇ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਹੈ।
ਗੁਰਦੁਆਰਾ ਸਾਹਿਬ ਸੈਨਹੋਜੇ ਕੈਲੇਫੋਰਨੀਆ ਅਮਰੀਕਾ ਤੋਂ ਮੀਡੀਆ ਸਕੱਤਰ ਤੇ ਮੈਂਬਰ ਧਰਮ ਪ੍ਰਚਾਰ ਕਮੇਟੀ ਜਥੇਦਾਰ ਸਰਬਜੋਤ ਸਿੰਘ ਸਵੱਦੀ ਨੇ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸ. ਹਰਦੇਵ ਸਿੰਘ ਤੱਖਰ ਦੀ ਅਗਵਾਈ ਵਿੱਚ ਚੋਣ ਜਿੱਤੇ ੨੧ ਮੈਂਬਰ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ।ਇਥੋਂ ਜਾਰੀ ਹਰੇਕ ਆਦੇਸ਼ ਸੰਦੇਸ਼ ਕਮੇਟੀ ਮੈਂਬਰਾਂ ਤੇ ਇਥੋਂ ਦੇ ਸਿੱਖਾਂ ਲਈ ਇਲਾਹੀ ਹੈ।ਉਨ੍ਹਾਂ ਕਿਹਾ ਕਿ ਸਾਡੀ ਕਮੇਟੀ ਪੂਰੀ ਤਰ੍ਹਾਂ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਚਲੇਗੀ।ਉਨ੍ਹਾਂ ਦੱਸਿਆ ਕਿ ਇਥੇ ਨਿੱਜੀ ਹਿੱਤਾਂ ਕਰਕੇ ਕੁਝ ਲੋਕਾਂ ਨੇ ਪੂਰੇ ਅਮਰੀਕਾ ਵਿੱਚ ਵੱਖਰੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬਾਨਾਂ ਤੋਂ ਪੰਥਕ ਲੋਕਾਂ ਨੂੰ ਲਾਂਭੇ ਕਰਨ ਦਾ ਕੋਝਾ ਯਤਨ ਕੀਤਾ ਸੀ ਜਿਸ ਨੂੰ ਪੰਥ ਦਰਦੀਆਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।