ਅੰਮ੍ਰਿਤਸਰ, 22 ਮਾਰਚ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਪਹੁੰਚੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਅਮਰੀਕਾ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਬੋਪਾਰਾਏ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦਿੱਤਾ। ਇਸ ਮੌਕੇ ਸ. ਬੋਪਾਰਾਏ ਦੇ ਨਾਲ ਸ. ਮਨਜੀਤ ਸਿੰਘ ਰਿਆੜ ਵੀ ਮੌਜੂਦ ਸਨ। ਸ. ਭੁਪਿੰਦਰ ਸਿੰਘ ਬੋਪਰਾਏ ਨੇ ਦਿੱਤੇ ਗਏ ਸਨਮਾਨ ਲਈ ਜਿਥੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਅਤੇ ਮਨੁੱਖੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਨੇਕਾਂ ਲੋਕ ਹਿਤਕਾਰੀ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਮੁਫ਼ਤ ਸਿਹਤ ਸੇਵਾਵਾਂ, ਪਿੰਡਾਂ ਦੇ ਗ੍ਰੰਥੀਆਂ ਨੂੰ ਮਹੀਨਾਵਾਰ ਸਹਾਇਤਾ, ਗਰੀਬ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡਪਾਠ ਸਾਹਿਬ ਦੀ ਭੇਟਾ ਆਦਿ ਵਿਸ਼ੇਸ਼ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ‘ਇਕ ਪਿੰਡ ਇਕ ਗੁਰਦੁਆਰਾ ਸਾਹਿਬ’ ਮੁਹਿੰਮ ਨੂੰ ਵੀ ਸਲਾਹਿਆ। ਇਸ ਦੌਰਾਨ ਸ. ਬੋਪਾਰਾਏ ਨੇ ਗੁਰਦੁਆਰਾ ਸਾਹਿਬਾਨ ਲਈ ਵਰਤੀਆਂ ਜਾਂਦੀਆਂ ਰਸਦਾਂ ‘ਤੇ ਜੀ.ਐਸ.ਟੀ. ਲਗਾਉਣ ਦੀ ਨਿੰਦਾ ਵੀ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਸ਼ਲਾਘਾਯੋਗ ਫੈਸਲਾ ਕਰ ਕੇ ਸੂਬੇ ਦਾ ਟੈਕਸ ਮੁਆਫ਼ ਕਰ ਦਿੱਤਾ ਹੈ, ਪਰ ਕੇਂਦਰ ਵੱਲੋਂ ਟੈਕਸ ਮੁਆਫ਼ ਨਾ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਗੁਰੂ ਘਰਾਂ ਤੋਂ ਤੁਰੰਤ ਜੀ.ਐਸ.ਟੀ. ਖ਼ਤਮ ਕਰ ਦੇਣਾ ਚਾਹੀਦਾ ਹੈ।

ਇਸ ਦੌਰਾਨ ਮੌਕੇ ਸ. ਦਿਲਜੀਤ ਸਿੰਘ ਬੇਦੀ ਨੇ ਸ. ਭੁਪਿੰਦਰ ਸਿੰਘ ਬੋਪਾਰਾਏ ਵੱਲੋਂ ਅਮਰੀਕਾ ਵਿਚ ਨਿਭਾਈਆਂ ਜਾ ਰਹੀਆਂ ਧਰਮ ਪ੍ਰਚਾਰ ਸੇਵਾਵਾਂ ਨੂੰ ਵਡਿਆਇਆ। ਇਸ ਮੌਕੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਗੁਰਮੀਤ ਸਿੰਘ ਬੁੱਟਰ ਆਦਿ ਮੌਜੂਦ ਸਨ।