ਅੰਮ੍ਰਿਤਸਰ, 5 ਅਪ੍ਰੈਲ – ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਦੇ ਦਰਬਾਰ ਹਾਲ ਵਿਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਘਟਨਾ ਡੂੰਘੀ ਮਾਨਸਿਕ ਪੀੜਾ ਦੇਣ ਵਾਲੀ ਹੈ। ਉਨ੍ਹਾਂ ਚਿੰਤਾ ਵਿਅਕਤ ਕਰਦਿਆਂ ਆਖਿਆ ਕਿ ਸਮੇਂ-ਸਮੇਂ ‘ਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਜਾਗਰੂਕ ਹੋਣ ਦੀਆਂ ਅਪੀਲਾਂ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ। ਗੁਰੂ-ਘਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਗਰਾਨੀ ਤੇ ਸੇਵਾ-ਸੰਭਾਲ ਪ੍ਰਤੀ ਪ੍ਰਬੰਧਕਾਂ ਦੇ ਅਵੇਸਲੇਪਨ ਨੂੰ ਜਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਬੰਧ ਸਮੇਂ ਕੀਤੀ ਜਾਂਦੀ ਲਾਪ੍ਰਵਾਹੀ ਹੀ ਇਸ ਦਾ ਮੁੱਖ ਕਾਰਨ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਪੂਰੀ ਚੇਤੰਨਤਾ ਨਾਲ ਨਿਭਾਉਣ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਅਤੇ ਸੰਗਤਾਂ ਨੂੰ ਆਪੋ-ਆਪਣੇ ਗੁਰੂ-ਘਰਾਂ ਵਿਚ ਇਕੱਤਰਤਾਵਾਂ ਕਰ ਕੇ ਲੋੜੀਂਦੇ ਪ੍ਰਬੰਧਾਂ ਨੂੰ ਅਮਲ ਵਿਚ ਲਿਆਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਇੱਕ ਵਾਰ ਫਿਰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੁਚੱਜੇ ਪ੍ਰਬੰਧ ਸਬੰਧੀ ਚੇਤੰਨ ਹੋਣ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ।
ਪ੍ਰੋ. ਬਡੂੰਗਰ ਨੇ ਤਰਨਤਾਰਨ ਦੇ ਪਿੰਡ ਮਾਣਕਪੁਰਾ ਵਿਖੇ ਬੀਤੇ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ‘ਤੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਘਟਨਾ ਦੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਘਟਨਾਵਾਂ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ।