ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮੰਗਲਵਾਰ, ੨੪ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੬ ਮਈ, ੨੦੨੫   (ਅੰਗ: ੬੫੪)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ- ਧਮਤਾਨ ਸਾਹਿਬ

ਇਹ ਪਾਵਨ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਯਾਦ ‘ਚ ਸੁਭਾਇਮਾਨ ਹੈ। ਗੁਰੂ ਜੀ ਬਾਂਗਰ ਤੋਂ ਆਗਰੇ ਨੂੰ ਜਾਂਦੇ ਹੋਏ ਇਥੇ ਪਧਾਰੇ ਸਨ। ‘ਚੌਧਰੀ ਦਾਸੋ’ ਨੂੰ ਗੁਰੂ ਜੀ ਨੇ ਬਾਂਗਰ ਦੇਸ਼ ਦਾ ਮਸੰਦ ਥਾਪਿਆ। ਭਾਈ ਰਾਮਦੇਵ ਨਾਂ ਦਾ ਇਕ ਸ਼ਰਧਾਲੂ, ਆਈਆਂ ਸੰਗਤਾਂ ਨੂੰ ਜਲ ਛਕਾਉਣ, ਲੰਗਰ ਲਈ ਜਲ ਭਰਨ ਤੇ ਗੁਰੂ-ਘਰ ਵਿਚ ਜਲ ਛਿੜਕਣ ਦੀ ਸੇਵਾ ਕਰਦਾ ਸੀ। ਇਕ ਦਿਨ ਭਾਈ ਰਾਮਦੇਵ ਨੇ ਗੁਰੂ-ਘਰ ਵਿਚ ਇਤਨਾ ਜਲ ਛਿੜਕਿਆ ਜਿਵੇਂ ਮੀਂਹ ਪਿਆ ਹੋਵੇ। ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਰਾਮਦੇਵ ਨੂੰ ‘ਭਾਈ ਮੀਹਾਂ’ ਦੇ ਨਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਘਰ ਵੱਲੋਂ ਇਕ ਨਗਾਰਾ ਤੇ ਇਕ ਨਿਸ਼ਾਨ ਸਾਹਿਬ ਦੀ ਬਖ਼ਸ਼ਿਸ਼ ਕੀਤੀ। ਗੁਰੂ ਜੀ ਇਸ ਜਗ੍ਹਾ ‘ਤੇ ਕਾਫ਼ੀ ਸਮਾਂ ਠਹਿਰੇ।

ਇਸ ਇਤਿਹਾਸਕ ਅਸਥਾਨ ਦੀ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ਸੇਵਾ ਕਰਵਾਈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਸਮਾਂ ਪਿਤਾਪੁਰਖੀ ਮਹੰਤਾਂ ਪਾਸ ਹੀ ਰਿਹਾ। ਹੁਣ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਧੀਨ ਹੈ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ‘ਸ੍ਰੀ ਸਾਹਿਬ’ ਯਾਦਗਾਰ ਵਜੋਂ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਹੈ। ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਦੇੜ ਦੇ ਦਰਸ਼ਨਾਂ ਨੂੰ ਜਾਣ ਵਾਲੀ ਬਹੁਤ ਸਾਰੀ ਸੰਗਤ ਇਸ ਅਸਥਾਨ ਦੇ ਦਰਸ਼ਨ ਕਰਕੇ ਜਾਂਦੀ ਹੈ।

ਇਹ ਪਾਵਨ ਅਸਥਾਨ ਸ਼ਹਿਰ ਧਮਤਾਨ, ਤਹਿਸੀਲ ਨਰਵਾਣਾ, ਜ਼ਿਲ੍ਹਾ ਜੀਂਦ, ਹਰਿਆਣਾ ਰਾਜ ਵਿਚ ਦਿੱਲੀ-ਜਾਖਲ-ਬਠਿੰਡਾ ਰੇਲਵੇ ਲਾਈਨ ‘ਤੇ ਰੇਲਵੇ ਸਟੇਸ਼ਨ ਧਮਤਾਨ ਤੋਂ ਦੋ ਕਿਲੋਮੀਟਰ ਤੇ ਬੱਸ ਸਟੈਂਡ ਧਮਤਾਨ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਅਸਥਾਨ ਦਿੱਲੀ-ਪਾਤੜਾਂ-ਨਿਰਵਾਣਾ-ਟੋਹਾਣਾ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਰਾਹੀਂ ਜੁੜਿਆ ਹੈ। ਇਸ ਧਾਰਮਿਕ ਅਸਥਾਨ ‘ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਹੋਲੇ-ਮਹੱਲੇ ‘ਤੇ ਬਹੁਤ ਸੰਗਤ ਜੁੜਦੀ ਹੈ। ਲੰਗਰ-ਪ੍ਰਸ਼ਾਦਿ ਤੇ ਰਹਾਇਸ਼ ਦਾ ਪ੍ਰਬੰਧ ਠੀਕ ਹੈ। ਵਧੇਰੇ ਜਾਣਕਾਰੀ ਲਈ ਯਾਤਰੂ 01684-84826 ਨੰਬਰ ‘ਤੇ ਫੋਨ ਕਰ ਸਕਦੇ ਹਨ।

 

Gurdwara Text Courtesy :- Dr. Roop Singh, Secretary S.G.P.C.