ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਭੇਜਣਾ ਨਿਖੇਧੀਯੋਗ ਹੈ

ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ‘ਚ ਕੀਤੇ ਗਏ ਅਹਿਮ ਫੈਸਲੇ

ਕਟਾਣਾ ਸਾਹਿਬ – 18 ਸਤੰਬਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ 85, 87, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ ਚਰਚਾ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ ਜੋ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ ਅੰਤ੍ਰਿੰਗ ਕਮੇਟੀ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਕਰਤਾਰਪੁਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਜੋ ਫੈਸਲਾ ਕੀਤਾ ਹੈ ਸ਼੍ਰੋਮਣੀ ਕਮੇਟੀ  ਪਾਕਿਸਤਾਨ ਗੁਰਦੁਆਰਾ ਕਮੇਟੀ ਤੇ ਓਕਾਫ ਬੋਰਡ ਦਾ ਧੰਨਵਾਦ ਕਰਦੀ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਸ ਪਵਿੱਤਰ ਅਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਸਤੰਬਰ ਨੂੰ ਸ਼ੁਰੂ ਕੀਤੀ ਜਾਵੇਗੀ ਤੇ ਇਸ ਸਬੰਧੀ ਉਹ ਖੁਦ ਪੂਰੇ ਵਫ਼ਦ ਸਮੇਤ ੨੦ ਸਤੰਬਰ ਨੂੰ ਪਾਕਿਸਤਾਨ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿੱਚ ਮੇਰੇ ਨਾਲ ਸ. ਰਜਿੰਦਰ ਸਿੰਘ ਮਹਿਤਾ, ਸ. ਮੋਹਣ ਸਿੰਘ ਬੰਗੀ, ਸ. ਨਿਰਮੈਲ ਸਿੰਘ ਜੌਲਾ, ਸ. ਕਰਨੈਲ ਸਿੰਘ ਪੰਜੋਲੀ (ਅੰਤਿੰ੍ਰਗ ਮੈਂਬਰ), ਬੀਬੀ ਕਿਰਨਜੋਤ ਕੌਰ, ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਮੇਰੇ ਨਿਜੀ ਸਹਾਇਕ ਸ. ਸਤਿੰਦਰ ਸਿੰਘ ਤੇ ਸ.ਗੁਰਿੰਦਰ ਸਿੰਘ, ਸ. ਰਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਜਾਣਗੇ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭੋਤਰ ਤੋਂ ਮਨੀਕਰਨ ਸਾਹਿਬ ਜਾ ਰਹੀ ਇਕ ਮੰਦਭਾਗੀ ਬੱਸ ਦਰਿਆ ਵਿੱਚ ਡਿੱਗ ਜਾਣ ਕਾਰਨ ੨੨ ਵਿਅਕਤੀ ਮਾਰੇ ਗਏ ਅਤੇ 24 ਲਾਪਤਾ ਹਨ।ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਸਹਾਇਤਾ ਦੇਣੀ ਪ੍ਰਵਾਨ ਕੀਤੀ ਗਈ ਹੈ ਅਤੇ ਜਿਹੜੇ ਲਾਪਤਾ ਹਨ ਉਨ੍ਹਾਂ ਬਾਰੇ ਵੀ ਰਿਪੋਰਟ ਆਉਣ ਤੇ ਉਨ੍ਹਾਂ ਪਰਿਵਾਰਾਂ ਨੂੰ ਵੀ ਸਹਾਇਤਾ ਦਿੱਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਅਦਾਲਤ ਵੱਲੋਂ ਸਰਵਉੱਚ ਪਾਵਨ ਗ੍ਰੰਥ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸੰਮਨ ਜਾਰੀ ਕਰਨ ਵਾਲਾ ਫੈਸਲਾ ਬੇਹੱਦ ਮੰਦਭਾਗਾ ਹੈ।ਇਸ ਫੈਸਲੇ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ ਅਤੇ ਮਾਨਯੋਗ ਚੀਫ ਜਸਟਿਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਸੰਮਨ  ਜਾਰੀ ਕਰਨ ਵਾਲੇ ਜੱਜ ਖਿਲਾਫ ਕਾਰਵਾਈ ਕਰਨ।ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਦੇ ਅਧਿਕਾਰਾਂ ਬਾਰੇ ਚੱਲ ਰਹੀਆਂ ਕਿਆਸ ਅਰਾਈਆਂ ਤੇ ਵਿਰਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਮਲਾ ਤੇ ਫਲਾਇੰਗ ਵਿਭਾਗ ਸਿੱਧਾ ਸਕੱਤਰ ਅਮਲਾ ਰਾਹੀਂ ਮੈਨੂੰ ਰਿਪੋਰਟ ਕਰਨਗੇ ਅਤੇ ਫਾਇਨਾਸ ਦਾ ਕੰਮ ਮੁੱਖ ਸਕੱਤਰ ਵੇਖਣਗੇ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੀ ਤਨਖਾਹ ਉਨ੍ਹਾਂ ਦੀ ਯੋਗਤਾ ਤੇ ਲੰਮੇ ਤਜ਼ਰਬੇ ਨੂੰ ਮੁੱਖ ਰੱਖ ਕੇ ਨੀਯਤ ਕੀਤੀ ਗਈ ਹੈ।ਉਸ ਵਿਚੋਂ ਵੀ ਉਹ 50 ਹਜ਼ਾਰ ਰੁਪਏ ਕੈਂਸਰ ਫੰਡ ਵਿੱਚ ਪਾਉਣਗੇ। ਪੰਜਾਬੀ ਭਾਸ਼ਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ  ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ 23-24 ਅਕਤੂਬਰ ਨੂੰ ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਜੋ ਸਮੇਂ ਦੀ ਲੋੜ ਹੈ। ਇਸ ਸੰਮੇਲਨ ਦੌਰਾਨ ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜੋ ਸੁਝਾਅ ਦਿੱਤੇ ਜਾਣਗੇ ਉਨ੍ਹਾਂ ਤੇ ਅਮਲ ਕੀਤਾ ਜਾਵੇਗਾ।

ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਸਾਬਕਾ ਪ੍ਰਚਾਰਕ ਸਵ:ਭਾਈ ਗੁਰਨਾਮ ਸਿੰਘ ਗਜ਼ਬ ਦੇ ਬੱਚਿਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਗਈ ਹੈ।ਭਾਈ ਸਵਰਨ ਸਿੰਘ ਖਾਲਸਾ ਚੇਅਰਮੈਨ ਗੁਰਦੁਆਰਾ ਚਰਨ ਕਮਲ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰੱਸਟ ਬਾਖਤਾ (ਜਸਰੋਟਾ) ਤਹਿਸੀਲ ਤੇ ਜ਼ਿਲ੍ਹਾ ਕਠੂਆ ਜੰਮੂ-ਕਸ਼ਮੀਰ ਵੱਲੋਂ ਗੁਰਮਤਿ ਸਮਾਗਮ ਕਰਵਾਉਣ ਲਈ ਕੀਤੀ ਮੰਗ ਦੇ ਆਧਾਰ ਤੇ 50 ਹਜ਼ਾਰ ਰੁਪਏ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਰਤੀ ਕਾਲਜ ਨਿਆਲ (ਪਾਤੜਾ) ਦੇ ਵਿਦਿਆਰਥੀ ਸ. ਅਸ਼ਪ੍ਰੀਤ ਸਿੰਘ ਸਪੁੱਤਰ ਸ. ਰਜਵੰਤ ਸਿੰਘ ਵਾਸੀ ਖਨੋਰੀ ਕਲਾਂ ਤਹਿਸੀਲ ਮੂਨਕ ਜ਼ਿਲ੍ਹਾਂ ਸੰਗਰੂਰ ਨੂੰ ਬੀ ਏ ਤੱਕ ਦੀ ਪੜਾਈ ਲਈ ਫੀਸ ਕਾਲਜ ਨੂੰ ਦਿੱਤੀ ਜਾਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਫੋਟੋ ਦੇ ਫਰੇਮ ਨੂੰ ਗੋਲਡ ਪਲੇਟਿਡ ਕਰਨ ਲਈ ਰਿਟਾਇਰਡ ਲੈਫਟੀਨੈਂਟ ਕਰਨਲ ਜਸਜੀਤ ਸਿੰਘ ਆਹਲੂਵਾਲੀਆਂ ਚੰਡੀਗੜ੍ਹ ਵੱਲੋਂ ਪੁੱਜੀ ਮੰਗ ਦੇ ਆਧਾਰ ਤੇ ਦਫ਼ਤਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਸਾਰਾ ਕਾਰਜ ਕਰਵਾਇਆ ਜਾਵੇਗਾ।

ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ, ਸ. ਮੋਹਣ ਸਿੰਘ ਬੰਗੀ, ਸ. ਸੂਬਾ ਸਿੰਘ ਡੱਬਵਾਲੀ, ਤੇ ਸ. ਸੁਰਜੀਤ ਸਿੰਘ ਗੜ੍ਹੀ, ਸ.ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ.ਰਣਜੀਤ ਸਿੰਘ, ਸ. ਮਹਿੰਦਰ ਸਿੰਘ ਆਹਲੀ ਤੇ ਸ. ਕੇਵਲ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਬੀਰ ਸਿੰਘ, ਸ. ਪਰਮਦੀਪ ਸਿੰਘ ਤੇ ਸ.ਕਰਮਬੀਰ ਸਿੰਘ ਇੰਚਾਰਜ, ਸ. ਬੇਅੰਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ (ਲੁਧਿਆਣਾ) ਆਦਿ ਮੌਜੂਦ ਸਨ।