ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਸ਼ਨਿੱਚਰਵਾਰ, ੨੧ ਹਾੜ (ਸੰਮਤ ੫੫੭ ਨਾਨਕਸ਼ਾਹੀ) ੫ ਜੁਲਾਈ, ੨੦੨੫ (ਅੰਗ: ੬੦੯)

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ (ਪਟਿਆਲਾ)

‘ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ’ ਪਟਿਆਲਾ, ਆਧੁਨਿਕ ਪਟਿਆਲੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਅਸਥਾਨ ਹੈ। ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਗੁਰੂ ਤੇਗ ਬਹਾਦਰ ਸਾਹਿਬ, ਪਹਿਲੀ ਵਾਰ 1661-62 ਈ: ਵਿਚ ਪ੍ਰਚਾਰ ਦੌਰੇ ਸਮੇਂ ਸੈਫ਼ਾਬਾਦ ਦੇ ਕਿਲ੍ਹੇ ਤੋਂ ਹੁੰਦੇ ਹੋਏ, ਇਥੇ ਬਿਰਾਜੇ ਸਨ। ਇਹ ਅਸਥਾਨ ਲਹਿਲ ਪਿੰਡ ਵਿਚ ਹੈ, ਜੋ ਹੁਣ ਪਟਿਆਲੇ ਸ਼ਹਿਰ ਵਿਚ ਸ਼ਾਮਿਲ ਹੈ। ਸਥਾਨਿਕ ਰਵਾਇਤ ਅਨੁਸਾਰ ਦੂਸਰੀ ਵਾਰ, ਗੁਰੂ ਜੀ 1675 ਈ: ਵਿਚ ਦਿੱਲੀ ਨੂੰ ਜਾਣ ਸਮੇਂ ਕੁਝ ਚਿਰ ਲਈ ਇਥੇ ਰੁਕੇ ਸਨ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵਰਤਮਾਨ ਸਰੂਪ 1930 ਈ: ਵਿਚ ਹੋਂਦ ਵਿਚ ਆਇਆ, ਭਾਵੇਂ ਕਿ ਸੰਗਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਇਸ ਅਸਥਾਨ ਦੀ ਚਰਨ ਧੂੜ ਪਰਸ ਰਹੀਆਂ ਸਨ। 1930-33 ਈ: ਵਿਚ ਦੋ ਮੰਜ਼ਲੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣਾਈ ਗਈ, ਜਿਸ ਦੀ ਜਗ੍ਹਾ ਨਵੀਂ ਵਿਸ਼ਾਲ ਇਮਾਰਤ ਉਸਾਰੀ ਅਧੀਨ ਹੈ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਾਲ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਯਾਤਰੂਆਂ ਦੀ ਸਹੂਲਤ ਵਾਸਤੇ ਡਿਸਪੈਂਸਰੀ ਤੇ ਗੁਰਮਤਿ ਗਿਆਨ ਦੀ ਤ੍ਰਿਪਤੀ ਵਾਸਤੇ ਅਕਾਲੀ ਕੌਰ ਸਿੰਘ ਲਾਇਬ੍ਰੇਰੀ ਵੀ ਹੈ। 1956 ਈ: ਵਿਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਹੱਥ ਆਇਆ।

ਇਹ ਅਸਥਾਨ ਸਰਹਿੰਦ-ਪਟਿਆਲਾ ਸੜਕ ‘ਤੇ ਪਟਿਆਲਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 300 ਮੀਟਰ ਦੀ ਦੂਰੀ ‘ਤੇ ਹੈ ਅਤੇ ਸੜਕੀ ਮਾਰਗ ਰਾਹੀਂ ਸੰਗਰੂਰ, ਨਾਭਾ, ਰਾਜਪੁਰਾ ਆਦਿ ਸ਼ਹਿਰਾਂ ਨਾਲ ਜੁੜਿਆ ਹੈ। ਯਾਤਰੂਆਂ ਦੀ ਟਹਿਲ-ਸੇਵਾ ਲਈ ਲੰਗਰ-ਪ੍ਰਸ਼ਾਦਿ ਦਾ ਬਹੁਤ ਵਧੀਆ ਪ੍ਰਬੰਧ ਹੈ। ਰਿਹਾਇਸ਼ ਲਈ 12 ਕਮਰੇ ਸਮੇਤ ਬਾਥਰੂਮ, 55 ਕਮਰੇ ਕਾਮਨ ਬਾਥਰੂਮ, ਇਕ ਹਾਲ ਤੇ ਇਕ ਵਿਸ਼ੇਸ਼ ਰੈਸਟ ਹਾਊਸ ਹੈ। ਸਾਰੇ ਗੁਰਪੁਰਬ, ਵਿਸਾਖੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਸ਼ਹਿਰ ਵਿਚ ਹੀ ਇਤਿਹਾਸਕ ਗੁਰਦੁਆਰਾ ‘ਮੋਤੀ ਬਾਗ’ ਦਰਸ਼ਨ ਕਰਨ ਯੋਗ ਹੈ। ਵਧੇਰੇ ਜਾਣਕਾਰੀ ਲਈ 0175-335482, 226941 ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।

 

Gurdwara Text Courtesy :- Dr. Roop Singh, Secretary S.G.P.C.