ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਆਰੰਭ ਕਰਨਾ ਇਤਿਹਾਸਕ ਕਾਰਜ – ਗਿਆਨੀ ਗੁਰਬਚਨ ਸਿੰਘ

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ

 
ਆਲਮਗੀਰ/ਲੁਧਿਆਣਾ, 10 ਜੁਲਾਈ 
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇ: ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਮੁੱਚੇ ਸੰਸਾਰ ਦੇ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੀ ਗਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਆਪਣੇ ਆਪ ਵਿੱਚ ਇੱਕ ਇਤਿਹਾਸਕ ਕਾਰਜ ਹੈ, ਕਿਉਂਕਿ ਇਸ ਸੁਹਿਰਦ ਕਾਰਜ ਸਦਕਾ ਹੀ ਗ੍ਰੰਥੀ ਦੇ ਅਖੰਡ ਪਾਠੀ ਸਿੰਘ ਗੁਰਬਾਣੀ ਦੀ ਸੰਥਿਆ ਤੇ ਸ਼ੁੱਧ ਉਚਾਰਨ ਦੀ ਸਿਖਲਾਈ ਪ੍ਰਾਪਤ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਮੱਹਤਵ ਤੋਂ ਜਾਗਰੂਕ ਕਰਵਾਉਣ ਵਿੱਚ ਸਹਾਈ ਸਿੱਧ ਹੋਣਗੇ । ਅੱਜ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੀ ਗਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਦੇ ਤਹਿਤ ਦੋਆਬਾ ਜ਼ੋਨ ਦੇ ਦੂਜੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਆਰੰਭਤਾ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ, ਗ੍ਰੰਥੀ ਤੇ ਪਾਠੀ ਸਿੰਘਾਂ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਪਾਠ ਲਈ ਗੁਰਬਾਣੀ ਵਿਆਕਰਨ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਅਤੇ ਹਰ ਇੱਕ ਗ੍ਰੰਥੀ/ਅਖੰਡ ਪਾਠੀ ਨੂੰ ਇਸ ਸੇਵਾ ਵਿੱਚ ਆਉਣ ਤੋਂ ਪਹਿਲਾਂ ਗੁਰਬਾਣੀ ਦੀ ਮੁੰਕਮਲ ਸੰਥਿਆਂ ਲੈਣੀ ਚਾਹੀਦੀ ਹੈ।
ਇਸ ਦੌਰਾਨ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ । ਗੁਰਬਾਣੀ ਪਾਠ ਬੋਧ ਸਮਾਗਮ ਦੀ ਆਰੰਭਤਾ ਮੌਕੇ ਪੁੱਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇ: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਜੱਥੇ: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆਂ ਹੋਇਆ ਕਿਹਾ ਕਿ ਗੁਰੂ ਮਹਾਰਾਜ ਤੇ ਭਗਤ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਗਿਆਨ ਦੇ ਚਸ਼ਮੇ ਦੀ ਤਰ੍ਹਾਂ ਹੈ । ਜਿਸ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਕੇ ਕੋਈ ਵੀ ਮਨੁੱਖ ਆਪਣਾ ਜੀਵਨ ਸਫਲ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੀ ਗਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਾਰਜ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਦੇ ਲਈ ਗੁਰਬਾਣੀ ਦੀ ਸੰਥਿਆ ਬੇਹੱਦ ਜ਼ਰੂਰੀ ਹੈ। ਕਿਉਂਕਿ ਸ਼ੁੱਧ ਉਚਾਰਨ ਨਾਲ ਹੀ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਕਿਹਾ ਕਿ ਸਿੱਖੀ ਪ੍ਰਚਾਰ ਦੀ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਦੇ ਲਈ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਆਰੰਭ ਕੀਤੀ ਗਈ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸਮੁੱਚੇ ਪੰਜਾਬ ਅੰਦਰ ਤਿੰਨ ਜ਼ੋਨ ਬਣਾ ਕੇ ਆਰੰਭ ਕੀਤੀ ਗਈ ਹੈ । ਜਿਸ ਦੇ ਅੰਤਰਗਤ ਹਰ ਪਿੰਡ-ਸ਼ਹਿਰ ਦੇ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਨੂੰ ਵਿਦਵਾਨ ਉਸਤਾਦਾਂ ਵੱਲੋਂ ਗੁਰਬਾਣੀ ਦੀ ਸ਼ੁੱਧ ਸੰਥਿਆ ਤੇ ਸ਼ੁੱਧ ਉਚਾਰਨ ਦੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਉਹ ਗੁਰਬਾਣੀ ਦੀ ਵਿਆਕਰਨ ਸਮਝ ਕੇ ਗੁਰਬਾਣੀ ਦਾ ਸ਼ੁੱਧ ਪਾਠ ਤੇ ਸੰਥਿਆ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਮੀ ਆਉਣ ਵਾਲੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੀ ਗਈ ਗੁਰਬਾਣੀ ਪਾਠ ਬੋਧ ਸਮਾਗਮ ਦੀ ਲੜੀ ਦਾ ਮੁੱਖ ਮਨੋਰਥ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ਾਂ, ਵਿਚਾਰਧਾਰਾਂ ਤੇ ਫਲਾਸਫੀ ਨੂੰ ਘਰ ਘਰ ਪਹੁੰਚਾਉਣਾ ਹੈ । ਇਸੇ ਉਦੇਸ਼ ਦੀ ਪੂਰਤੀ ਲਈ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਪੰਜਵਾਂ ਗੁਰਬਾਣੀ ਪਾਠ ਬੋਧ ਸਮਾਗਮ ਦੀ ਆਰੰਭਤਾ ਕੀਤਾ ਜਾ ਰਿਹਾ ਹੈ । ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਕਤ ਗੁਰਬਾਣੀ ਪਾਠ ਬੋਧ ਸਮਾਗਮ ਅੰਦਰ 500 ਤੋਂ ਵੱਧ ਗ੍ਰੰਥੀ, ਅਖੰਡ ਪਾਠੀ ਸਿੰਘਾਂ ਦਾ ਪੁੱਜਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਗਤਾਂ ਜਾਗਰੂਕ ਹੋ ਕੇ ਧਰਮ ਪ੍ਰਚਾਰ ਦੀ ਮੁਹਿੰਮ ਨਾਲ ਵੱਧ ਤੋਂ ਵੱਧ ਜੁੜ ਰਹੀਆਂ ਹਨ ।
ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਹੋਇਆ ਜੱਥੇ: ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਲੁਧਿਆਣਾ ਜਿਲੇ ਦੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਾਂਝੇ ਉਦਮਾ ਸਦਕਾ ਆਯੋਜਿਤ ਕੀਤਾ ਗਿਆ ਗੁਰਬਾਣੀ ਪਾਠ ਬੋਧ ਸਮਾਗਮ ਇੱਕ ਇਤਿਹਾਸਕ ਸਮਾਗਮ ਹੋਵੇਗਾ । ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਉਘੇ ਸਿੰਘ ਵਿਦਵਾਨ ਭਾਈ ਗੁਰਭਾਗ ਸਿੰਘ ਦੀ ਯੋਗ ਅਗਵਾਈ ਹੇਠ ਉਕਤ ਗੁਰਬਾਣੀ ਪਾਠ ਬੋਧ ਸਮਾਗਮ ਰਾਹੀਂ ਸੰਥਿਆ ਪ੍ਰਾਪਤ ਕਰਨ ਵਾਲੇ ਗ੍ਰੰਥੀ ਤੇ ਅਖੰਡ ਪਾਠੀ ਜਿੱਥੇ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਆਪ ਸੁਚੇਤ ਹੋਣੇਗ ਉਥੇ ਸੰਗਤਾਂ ਨੂੰ ਵੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਵਿੱਚ ਸਫਲਤਾ ਪ੍ਰਾਪਤ ਦੇਣਗੇ । ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰਬਾਣੀ ਪਾਠ ਬੋਧ ਸਮਾਗਮ ਅੰਦਰ ਭਾਗ ਲੈਣ ਵਾਲੇ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ ਨੂੰ ਗੁਰਬਾਣੀ ਸੰਥਿਆਂ ਪ੍ਰਾਪਤ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ 5100/- ਰੁਪਏ ਨਕਦ ਤੇ ਪ੍ਰਮਾਣ ਪੱਤਰ ਭੇਟ ਕਰਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ, ਜੱਥੇ: ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਬਾਣੀ ਪਾਠ ਬੋਧ ਸਮਾਗਮ ਦੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਰਘਬੀਰ ਸਿੰਘ ਸਹਾਰਨ ਮਾਜ਼ਰਾ, ਗੁਰਚਰਨ ਸਿੰਘ ਗਰੇਵਾਲ, ਕੇਵਲ ਸਿੰਘ ਬਾਦਲ, ਜਗਜੀਤ ਸਿੰਘ ਤਲਵੰਡੀ, ਸਰਬੰਸ ਸਿੰਘ ਮਾਣਕੀ, ਰਵਿੰਦਰ ਪਾਲ ਸਿੰਘ ਖਾਲਸਾ, ਦਵਿੰਦਰ ਸਿੰਘ ਖੱਟੜਾ, ਜਗਬੀਰ ਸਿੰਘ ਸੋਖੀ, ਹਰਜਿੰਦਰ ਸਿੰਘ ਪਵਾਤ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸੁੁਰਿੰਦਰ ਸਿੰਘ ਬੱਦੋਵਾਲ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ, ਸ. ਸੰਤਾ ਸਿੰਘ ਉਮੈਦਪੁਰੀ ਮੈਂਬਰ ਦਿੱਲੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੋੜਾ ਸਿੰਘਾਂ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ (ਇੰਚਾਰਜ ਧਰਮ ਪ੍ਰਚਾਰ ਦੋਆਬਾ ਜ਼ੋਨ), ਸ. ਗੁਰਸੇਵਕ ਸਿੰਘ ਮੈਨੇਜਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ, ਜਸਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਲਕਸ਼ਰੀ ਕੋਟਾਂ, ਗਿਆਨੀ ਬਲਵਿੰਦਰ ਸਿੰਘ ਹੈਡ ਗ੍ਰੰਥੀ, ਬਾਬਾ ਹਰਪਿੰਦਰ ਸਿੰਘ ਪਿੰਦਾ ਕਾਰ ਸੇਵਾ ਵਾਲੇ, ਸ. ਦਰਸ਼ਨ ਸਿੰਘ ਸ਼ਿਵਾਲਿਕ, ਦਰਸ਼ਨ ਸਿੰਘ ਪੀ.ਏ., ਬਾਬਾ ਜਗਰੂਪ ਸਿੰਘ, ਨਰਿੰਦਰ ਸਿੰਘ ਸੋਹਲ, ਬਾਬਾ ਅਵਤਾਰ ਸਿੰਘ, ਸ. ਸਰਬਜੀਤ ਸਿੰਘ ਢੋਟੀਆ ਇੰਚਾਰਜ ਪ੍ਰਚਾਰਕ ਦੋਆਬਾ ਜ਼ੋਨ, ਪ੍ਰਚਾਰਕ ਕੁਲਦੀਪ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਬਲਵੰਤ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਬਚਿੱਤਰ ਸਿੰਘ, ਜਗਜੀਤ ਸਿੰਘ ਸੰਤ, ਮਨਪ੍ਰੀਤ ਸਿੰਘ ਖੱਟੜਾ ਤਲਵਿੰਦਰ ਸਿੰਘ ਮੁਲਤਾਨੀ, ਅਜੈ ਪਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।