ਅੰਮ੍ਰਿਤਸਰ, ੨੫ ਨਵੰਬਰ- ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਥੜ੍ਹਾ ਸਾਹਿਬ ਦੀ ਸੇਵਾ ਦਾ ਕਾਰਜ ਅੱਜ ਆਰੰਭ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਥੜ੍ਹਾ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਦੇ ਬਾਹਰਵਾਰ ਸੁਸ਼ੋਭਿਤ ਹੈ। ਇਥੇ ਬੈਠ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਰਹ ਮਾਹ ਦੀ ਬਾਣੀ ਉਚਾਰਨ ਕੀਤੀ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਇਸ ਅਸਥਾਨ ਦੀ ਸੇਵਾ ਅਰਦਾਸ ਉਪਰੰਤ ਆਰੰਭ ਹੋਈ। ਇਹ ਸੇਵਾ ਭਾਈ ਘਨੱਈਆ ਸਾਹਿਬ ਸੇਵਾ ਟਰੱਸਟ ਵੱਲੋਂ ਕਰਵਾਈ ਜਾਵੇਗੀ। ਟਰੱਸਟ ਵੱਲੋਂ ਭਾਈ ਸਰਬਜੀਤ ਸਿੰਘ ਸੇਵਾ ਪੰਥੀ ਨੇ ਦੱਸਿਆ ਕਿ ਇਹ ਸੇਵਾ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ, ਸ. ਬਘੇਲ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਐਕਸੀਅਨ ਸ. ਜਤਿੰਦਰਪਾਲ ਸਿੰਘ, ਸ. ਸ਼ਮਸ਼ੇਰ ਸਿੰਘ ਜੇ.ਈ., ਭਾਈ ਘਨੱਈਆ ਜੀ ਸੇਵਾ ਟਰੱਸਟ ਵੱਲੋਂ ਸ. ਜਗਜੀਤ ਸਿੰਘ ਮਹਿਤਾ, ਬਾਬਾ ਸਤਨਾਮ ਸਿੰਘ, ਸ. ਕੰਵਲਜੀਤ ਸਿੰਘ, ਸ. ਜਸਪ੍ਰੀਤ ਸਿੰਘ, ਸ. ਸੁਰਜੀਤ ਸਿੰਘ, ਸ. ਬਿਕਰਮਜੀਤ ਸਿੰਘ ਆਦਿ ਮੌਜੂਦ ਸਨ।