ਅੰਮ੍ਰਿਤਸਰ, 03 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਨਦੀਪ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅਰਦਾਸ ਭਾਈ ਸਤਨਾਮ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਭਾਈ ਹਰਮਿੱਤਰ ਸਿੰਘ ਨੇ ਲਿਆ।
ਇਸ ਸਮੇਂ ਹਾਜ਼ਰ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਕਿਹਾ ਕਿ ਭਗਤ ਸੈਣ ਜੀ ਦੀ ਬਾਣੀ ਮਾਨਵਤਾ ਲਈ ਰਾਹ ਦਸੇਰਾ ਹੈ ਜਿਸ ‘ਤੇ ਚੱਲ ਕੇ ਅਸੀਂ ਆਪਣਾ ਜੀਵਨ ਸਵਾਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿਨ੍ਹਾਂ ਸਤਿਕਾਰਤ ੧੫ ਭਗਤਾਂ ਦੀ ਬਾਣੀ ਦਰਜ ਹੈ ਉਨ੍ਹਾਂ ਵਿਚੋਂ ਭਗਤ ਸੈਣ ਜੀ ਵੀ ਇੱਕ ਹਨ। ਭਾਈ ਹਰਮਿੱਤਰ ਸਿੰਘ ਨੇ ਕਿਹਾ ਕਿ ਭਗਤ ਸਾਹਿਬਾਨ ਨੇ ਆਪਣੇ ਆਪ ਨੂੰ ਪ੍ਰਭੂ ਰੰਗਤ ਵਿਚ ਰੰਗ ਕੇ ਮਾਨਵਤਾ ਨੂੰ ਜੀਵਨ ਦੇ ਮੁੱਲਵਾਨ ਸਰੋਕਾਰਾਂ ਬਾਰੇ ਪ੍ਰੇਰਨਾ ਕੀਤੀ। ਉਨ੍ਹਾਂ ਨੇ ਅਜੋਕੀ ਨੌਜੁਆਨੀ ਨੂੰ ਗੁਰਬਾਣੀ ਦੇ ਲੜ ਲੱਗਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਤੇ ਸ. ਰਘਬੀਰ ਸਿੰਘ ਮੰਡ, ਐਡੀਸ਼ਨਲ ਮੈਨੇਜਰ ਸ. ਨਰਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਸ. ਬਘੇਲ ਸਿੰਘ ਤੇ ਸ. ਲਖਬੀਰ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ. ਕਾਬਲ ਸਿੰਘ ਲੁਹਾਰਕਾ, ਸ. ਮਨਜੀਤ ਸਿੰਘ ਚੇਅਰਮੈਨ ਸੈਣ ਸਮਾਜ ਪੰਜਾਬ, ਸ. ਨਰਿੰਦਰ ਸਿੰਘ ਸੇਖਵਾਂ, ਸ. ਜਗਤਾਰ ਸਿੰਘ ਮੋਹਰਸਿੰਘ ਵਾਲਾ, ਸ. ਜਰਗ ਸਿੰਘ, ਸ. ਦਰਸ਼ਨ ਸਿੰਘ ਚਾਵਲਾ ਚੇਅਰਮੈਨ ਭਗਤ ਸੈਣ ਸਭਾ ਅਤੇ ਸੰਗਤਾਂ ਹਾਜ਼ਰ ਸਨ।