ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਸੋਮਵਾਰ, ੧੬ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੮ ਅਪ੍ਰੈਲ, ੨੦੨੫ (ਅੰਗ: ੬੪੧)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 30 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਕਉਲ ਮਨ ਬਚ ਕਰਮ ਕਰਕੇ ਨਿਭਾਇਆ- ਪੰਜੋਲੀ

nagar kirtanਅੰਮ੍ਰਿਤਸਰ : 26 ਮਈ (       ) ਕਲਗੀਧਰ ਦਸਮੇਸ਼ ਪਿਤਾ ਦੇ ਫ਼ਰਜ਼ੰਦ
ਛੋਟੇ-ਛੋਟੇ ਦੋ ਲਾਲਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੇ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਹੰਦ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਦਿਵਸ ਸਬੰਧੀ ਪੂਰੇ ਜਾਹੋ ਜਲਾਲ ਨਾਲ ਨਗਰ ਕੀਰਤਨ ਛੇਵੇਂ ਪੜਾਅ ਲਈ ਰਵਾਨਾ ਹੋਇਆ। ਇਹ ਉਹ ਪਾਵਨ ਧਰਤੀ ਹੈ ਜਿੱਥੇ ਨੀਲੇ ਦੇ ਸ਼ਾਹ ਅਸਵਾਰ ਦੇ ਦੋ ਛੋਟੇ-ਛੋਟੇ ਲਾਲਾਂ ਤੇ ਉਨ੍ਹਾਂ ਦੀ ਦਾਦੀ ਦੀ ਸ਼ਹਾਦਤ ਦੀ ਦਰਦ ਭਰੀ ਦਾਸਤਾਨ ਲਿਖੀ ਗਈ ਸੀ ਜਿਸ ਨੂੰ ਸੁਣ ਕੇ ਅੱਜ ਵੀ ਦਿਲ ਕੰਬ ਉੱਠਦਾ ਹੈ। ਨਗਾਰੇ ਦੀ ਚੋਟ ਨਾਲ ਗਤਕਾ ਪਾਰਟੀਆਂ ਆਪਣੇ-ਆਪਣੇ ਜ਼ੌਹਰ ਦਿਖਾਉਂਦੀਆਂ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੀਆਂ ਸਨ। ਜੁਗੋ-ਜੁਗ ਅਟੱਲ ਸਾਂਝੀ ਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਵਹੀਰਾਂ ਘੱਤ ਕੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਅੱਗੇ ਵਧ ਰਹੀਆਂ ਸਨ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਦੇ ਜਥੇ ਵੱਲੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰ: ਕਰਨੈਲ ਸਿੰਘ  ਪੰਜੋਲੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਬੰਦਾ ਬੰਦਾ ਸਿੰਘ ਜੀ ਬਹਾਦਰ ਨੇ ਕਲਗੀਧਰ ਦਸਮੇਸ਼ ਪਿਤਾ ਨਾਲ ਕੀਤਾ ਆਪਣਾ ਕਉਲ ਮਨ ਬਚ ਕਰਮ ਕਰਕੇ ਨਿਭਾਇਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਖਾਸਕਰ ਹਕੀਕਤ ਰਾਏ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਜਿਸ ਨੇ ਸ਼ਹੀਦ ਹੋਣ ਸਮੇਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਤੂੰ ਮੇਰੀ ਮਾਂ ਹੀ ਨਹੀਂ ਹੈਂ। ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਤੋਂ ਥਾਪੜਾ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗਲ ਫੌਜ ਦਾ ਖਾਤਮਾ ਕਰਕੇ ਸੱਚ, ਧਰਮ, ਹੱਕ ਤੇ ਨਿਆਂ ਤੇ ਪਹਿਰਾ ਦੇਂਦਿਆਂ ਕਿਸਾਨਾ ਨੂੰ ਜ਼ਮੀਨੀ ਹੱਕ ਦਿਵਾ ਕੇ ਉਨ੍ਹਾਂ ਦੀ ਮਾਲਕੀ ਦਿਵਾਈ। ਉਨ੍ਹਾਂ ਵਜੀਦੇ ਨੂੰ ਮਾਰ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਲਿਜਾਏ ਗਏ ਸਿੰਘਾਂ ਨੂੰ ਸੱਤ ਦਿਨਾਂ ਵਿੱਚ ਸ਼ਹੀਦ ਕਰ ਦਿੱਤਾ ਗਿਆ। ੯ ਜੂਨ ੧੭੧੬ ਈਸਵੀ ਨੂੰ ਸ੍ਰ: ਬਾਜ ਸਿੰਘ, ਭਾਈ ਫ਼ਤਿਹ ਸਿੰਘ, ਭਾਈ ਆਲੀ ਸਿੰਘ, ਬਖਸ਼ੀ ਗੁਲਾਬ ਸਿੰਘ ਤੇ ਦੂਸਰੇ ਸਿੱਖਾਂ ਨੂੰ ਧਰਮ ਤਬਦੀਲ ਕਰਨ ਲਈ ਲਾਲਚ ਤੇ ਤਸੀਹੇ ਦਿੱਤੇ ਗਏ, ਪਰ ਦੁਨਿਆਵੀ ਸੁੱਖ ਨੂੰ ਤਿਆਗ ਕੇ ਗੁਰੂ ਕੇ ਸਿੰਘ ਈਨ ਮੰਨਣ ਤੋਂ ਇਨਕਾਰ ਕਰਦਿਆਂ ਸ਼ਹੀਦੀ ਜਾਮ ਪੀ ਗਏ।  ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਇਸਲਾਮ ਕਬੂਲਣ ਲਈ ਕਿਹਾ ਗਿਆ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਾਰ ਕਰਨ ਤੇ ਉਨ੍ਹਾਂ ਦੇ ਲਖਤੇ ਜਿਗਰ ਚਾਰ ਸਾਲ ਦੇ ਬਾਬਾ ਅਜੈ ਸਿੰਘ ਦਾ ਕਲੇਜਾ ਚੀਰ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਇਆ ਗਿਆ ਤੇ ਜਮੂਰਾਂ ਨਾਲ ਬਾਬਾ ਜੀ ਦਾ ਮਾਸ ਨੋਚ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਜ਼ੁਲਮ ਦੀ ਇੰਤਹਾਂ ਸੀ ਪਰ ਬਾਬਾ ਜੀ ਗੁਰੂ ਕਾ ਭਾਣਾ ਮਿੱਠਾ ਕਰ ਜਾਣ ਅਡੋਲ ਚਿੱਤ ਰਹੇ ਤੇ ਸ਼ਹੀਦ ਹੋ ਗਏ।
     ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪੁਲੀਸ ਅਫ਼ਸਰਾਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਅਦਬ-ਸਤਿਕਾਰ ਸਹਿਤ ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਹੰਦ ਦੀ ਪੁਲੀਸ ਫੋਰਸ ਵੱਲੋਂ ਸਲਾਮੀ ਦਿੱਤੀ ਗਈ।  ਅੱਤ ਦੀ ਗਰਮੀ ਹੋਣ ਕਾਰਣ ਵੀ ਸ਼ਰਧਾਵਾਨ ਸੰਗਤਾਂ ਦਾ ਸਿਦਕ ਨਹੀਂ ਡੋਲਿਆ ਤੇ ਉਹ ਅਡੋਲ ਚਿੱਤ ਗੁਰੁ ਰੰਗ ਵਿੱਚ ਰੰਗੀਆਂ ਆਪਣੀ ਮੰਜ਼ਿਲ ਸਰ ਕਰ ਰਹੀਆਂ ਸਨ। ਫੁੱਲਾਂ ਨਾਲ ਸਜਾਈ ਗਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ। ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਾਲੀ ਗੱਡੀ ਵਿੱਚ ਸ੍ਰ: ਲਖਵਿੰਦਰਪਾਲ ਸਿੰਘ ਸੁਪਰਵਾਈਜ਼ਰ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ। ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ, ਪ੍ਰਸ਼ਾਦਾ ਤੇ ਚਾਹ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਆਓ ਭਾਗਤ ਕੀਤੀ ਜਾ ਰਹੀ ਸੀ।
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਹੰਦ ਤੋਂ ਰਵਾਨਾ ਹੋ ਕੇ ਪਟਿਆਲਾ ਮੋੜ, ਸ਼ਾਮਪੁਰ,  ਹੰਸਾਲੀ ਸਾਹਿਬ, ਜਿੰਦਰਗੜ੍ਹ, ਰਿਉਣਾ ਨੀਵਾਂ, ਪਤਾਲਸੀ, ਚੰਦੂਮਾਜਰਾ ਮੋੜ, ਬਸੰਤਪੁਰਾ, ਉਗਸੀ ਸੈਣੀਆਂ, ਪਿਲਖੜੀ, ਰਾਜਪੁਰਾ ਸ਼ੰਭੂ ਬੈਰੀਅਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਬਾਲਾ (ਹਰਿਆਣਾ) ਵਿਖੇ ਕਰੇਗਾ ਇਸੇ ਤਰ੍ਹਾਂ ੨੭ ਮਈ ੨੦੧੬ ਨੂੰ ਉਕਤ ਸਥਾਨ ਤੋਂ ਚੱਲ ਕੇ ਰਾਤ ਡੇਰਾ ਕਾਰਸੇਵਾ ਕਲੰਦਰੀ ਗੇਟ ਕਰਨਾਲ ਵਿਖੇ ਠਹਿਰੇਗਾ।
  ਇਸ ਮੌਕੇ ਸ੍ਰ: ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਬਲਬੀਰ ਸਿੰਘ ੯੬ ਕਰੌੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਸ੍ਰ: ਸਰੂਪ ਸਿੰਘ ਢੇਸੀ ਮੈਂਬਰ, ਸੰਤ ਸੁਖਜਿੰਦਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਆਹਲੋਵਾਲ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ੍ਰ: ਦਵਿੰਦਰ ਸਿੰਘ ਖੱਟੜਾ, ਕੰਵਲਇੰਦਰ ਸਿੰਘ ਠੇਕੇਦਾਰ, ਸ੍ਰ: ਰਵਿੰਦਰ ਸਿੰਘ ਖਾਲਸਾ, ਸ੍ਰ: ਕਸ਼ਮੀਰ ਸਿੰਘ ਬਰਿਆਰ, ਸ੍ਰ: ਕੇਵਲ ਸਿੰਘ ਤੇ ਸ੍ਰ: ਪ੍ਰਤਾਪ ਸਿੰਘ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਮਹਿੰਦਰ ਸਿੰਘ, ਸ੍ਰ: ਸਿਮਰਜੀਤ ਸਿੰਘ ਤੇ ਸ੍ਰ: ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ,ਸ. ਸੁਖਵਿੰਦਰ ਸਿੰਘ ਗਰੇਵਾਲ ਪੀ.ਏ., ਸ. ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ, ਸ. ਹਰਪ੍ਰੀਤ ਸਿੰਘ ਸ਼ਿਵਾਲਿਕ ਜ਼ਿਲ੍ਹਾ ਪ੍ਰੀਸ਼ਦ ਸਕੱਤਰ, ਸ੍ਰ: ਇੰਦਰ ਮੋਹਣ  ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ ਤੇ ਸ੍ਰ: ਨਿਰਵੈਲ ਸਿੰਘ ਇੰਚਾਰਜ, ਸ੍ਰ: ਰੇਸ਼ਮ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਸਤਨਾਮ ਸਿੰਘ ਰਿਆੜ, ਸ੍ਰ: ਹਰਭਜਨ ਸਿੰਘ ਬੇਦੀ ਫਲਾਇੰਗ, ਸ੍ਰ: ਰਣਜੀਤ ਸਿੰਘ ਕਲਿਆਣਪੁਰ, ਸ੍ਰ: ਬਖਸ਼ੀਸ਼ ਸਿੰਘ ਫੌਜੀ, ਸ੍ਰ: ਗੁਲਵਿੰਦਰ ਸਿੰਘ, ਸ੍ਰ: ਕੁਲਦੀਪ ਸਿੰਘ ਤੇ ਸ੍ਰ: ਪਲਵਿੰਦਰ ਸਿੰਘ ਤੇ ਸ੍ਰ: ਦਿਲਬਾਗ ਸਿੰਘ ਗੁਰਦੁਆਰਾ ਇੰਸਪੈਕਟਰ,  ਸ੍ਰ: ਬਲਜਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼, ਸ੍ਰ: ਜਸਪਾਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰ: ਰਜਿੰਦਰ ਸਿੰਘ ਵਧੀਕ ਮੈਨੇਜਰ, ਸ੍ਰ: ਅਮਰਜੀਤ ਸਿੰਘ ਅਕਾਊਂਟੈਂਟ, ਸ੍ਰ: ਸੁਰਿੰਦਰ ਸਿੰਘ ਸਮਾਣਾ, ਸ੍ਰ: ਰਣਜੀਤ ਸਿੰਘ ਢਿੱਲੋਂ ਹਲਕਾ ਵਿਧਾਇਕ,   ਸ੍ਰ: ਹਰਮਿੰਦਰ ਸਿੰਘ ਖਹਿਰਾ ਚੀਫ ਆਰਗਨਾਈਜ਼ਰ ਸ਼੍ਰੋਮਣੀ ਅਕਾਲੀ ਦਲ ਯੂ.ਕੇ., ਸ੍ਰ: ਮਨਪ੍ਰੀਤ ਸਿੰਘ ਸੰਗੋਵਾਲ, ਸ੍ਰ: ਅਮਰੀਕ ਸਿੰਘ ਫਿਲੌਰ, ਸ੍ਰ: ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ੍ਰ: ਦਵਿੰਦਰ ਸਿੰਘ ਮੈਨੇਜਰ ਰੱਤੋਕੇ, ਸ. ਯੁਵਰਾਜ ਸਿੰਘ ਇੰਸਪੈਕਟਰ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਬਚਨ ਸਿੰਘ ਕਲਸੀ, ਭਾਈ ਦਿਲਬਾਗ ਸਿੰਘ ਸਭਰਾ, ਭਾਈ ਹਰਜੀਤ ਸਿੰਘ ਸੁਲਤਾਨਪੁਰੀ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਪਰਮਜੀਤ ਸਿੰਘ, ਭਾਈ ਅਮਰ ਸਿੰਘ ਮਿਸ਼ਨਰੀ, ਸ੍ਰ: ਸੁਖਵੰਤ ਸਿੰਘ ਪ੍ਰਚਾਰਕ , ਸ੍ਰ: ਮਲਕੀਤ ਸਿੰਘ ਬਸਰਾਵਾਂ, ਸ੍ਰ: ਸਰਬਜੀਤ ਸਿੰਘ ਰਾਏ ਡੀ ਐਸ ਪੀ, ਸ੍ਰ: ਜਤਿੰਦਰਪਾਲ ਐਸ ਐਚ ਓ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।