ਅੰਮ੍ਰਿਤਸਰ, 27 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਨੇਪਾਲ ਵਿਚ ਹੋ ਰਹੇ ਗੁਰਮਤਿ ਸਮਾਗਮ ਅਤੇ ਸੈਮੀਨਾਰ ਵਿਚ ਸ਼ਮੂਲੀਅਤ ਲਈ ਕਾਠਮੰਡੂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਥਾਨਕ ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ ਅਤੇ ਸਿੱਖ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਨੇਪਾਲ ਸਰਕਾਰ ਦੇ ਸਹਿਯੋਗ ਨਾਲ ਭਾਰਤੀ ਐਬੰਸੀ ਵੱਲੋਂ ਕਾਠਮੰਡੂ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਵਿਖੇ ਗੁਰਮਤਿ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਭਾਈ ਲੌਂਗੋਵਾਲ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਨਿੱਜੀ ਸਹਾਇਕ ਸ. ਦਰਸ਼ਨ ਸਿੰਘ ਵੀ ਨੇਪਾਲ ਗਏ ਹਨ। ਕਾਠਮੰਡੂ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰਾਂ ਦਾ ਸਵਾਗਤ ਕਰਨ ਸਮੇਂ ਭਾਰਤੀ ਐਬੰਸਡਰ ਤੋਂ ਇਲਾਵਾ ਸ. ਪ੍ਰਭਜੋਤ ਸਿੰਘ ਘੁਲਾਟੀ, ਸ. ਪ੍ਰੀਤਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਸਤਿਸੰਗ, ਸ. ਰਵਿੰਦਰ ਸਿੰਘ ਭੁੱਲਰ, ਸ. ਅੰਗਦ ਸਿੰਘ ਆਦਿ ਮੌਜੂਦ ਸਨ।