ਲੁਧਿਆਣਾ ਪੁੱਜਣ ਤੇ ਨਗਰ-ਕੀਰਤਨ ਦਾ ਕੀਤਾ ਨਿੱਘਾ ਸਵਾਗਤ
ਅੰਮ੍ਰਿਤਸਰ : 25 ਮਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਲੁਧਿਆਣਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਸੰਸਾਰ ਦੇ ਪ੍ਰਮੁੱਖ ਧਰਮਾਂ ਵਿਚੋਂ ਇਕ ਹੈ। ਇਸ ਧਰਮ ਦਾ ਉਦਭਵ ਸਮੇਂ ਦੇ ਅੱਤਿਆਚਾਰ, ਅਨਿਆਂ, ਸਮਾਜੀ ਤੇ ਧਾਰਮਿਕ ਜੀਵਨ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਹੋਇਆ। ਉਨ੍ਹਾਂ ਕਿਹਾ ਕਿ ਇਹ ਧਰਮ ਅਜਿਹਾ ਪ੍ਰੇਮ ਦਾ ਪਿਰਮ ਪਿਆਲਾ ਹੈ ਜਿਸ ਦਾ ਸੁਆਦ ਸਿਰ ਦੇ ਕੇ ਹੀ ਚੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਅਜੈ ਸਿੰਘ ਤੇ ਹੋਰ ਸ਼ਹੀਦਾਂ ਨੇ ਗੁਰੂ ਕੇ ਬਚਨ, ਸਿਧਾਂਤ, ਪਰੰਪਰਾ ਦੇ ਬਿਰਧ ਦੀ ਲਾਜ ਪਾਲਣ ਲਈ ਅਦੁੱਤੀ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਨ ਤਪੱਸਵੀ, ਮਹਾਨ ਯੋਧੇ, ਮਹਾਨ ਸੂਰਵੀਰ, ਸਿੱਖ ਪੰਥ ਦੇ ਪਹਿਲੇ ਜਰਨੈਲ ਸਿੱਖ ਰਾਜ ਦੇ ਸੰਸਥਾਪਕ ਅਤੇ ਭੂਮੀ ਸੁਧਾਰ ਅੰਦੋਲਨ ਦੇ ਪਰਵਰਤੱਕ ਸਨ। ਉਨ੍ਹਾਂ ਕਲਗੀਧਰ ਦਸਮੇਸ਼ ਪਿਤਾ ਤੋਂ ਅੰਮ੍ਰਿਤਪਾਨ ਕਰਨ ਤੇ ਥਾਪੜਾ ਲੈਣ ਉਪਰੰਤ ਅਣਿਆਂ ਤੇ ਅੱਤਿਆਚਾਰ ਵਿਰੁੱਧ ਲੜਦੇ ਹੋਏ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ। ਵਜੀਦੇ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਖਾਲਸਾ ਰਾਜ ਸਥਾਪਿਤ ਕਰਕੇ ਹੱਕ,ਸੱਚ ਤੇ ਇਨਸਾਫ਼ ਦੀ ਗੱਲ ਕਰਦੇ ਹੋਏ ਕਿਸਾਨਾਂ ਨੁੰ ਜ਼ਮੀਨਾ ਦੀ ਮਾਲਕੀ ਦਾ ਹੱਕ ਦਿਵਾਇਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ ਤੇ ਖਾਲਸੇ ਦੀ ਹਰ ਮੈਦਾਨ ਫਤਿਹ ਦੇ ਝੰਡੇ ਝੁਲਾਏ। ਉਨ੍ਹਾਂ ਨਗਰ ਕੀਰਤਨ ਵਿੱਚ ਦੂਰ-ਦੁਰਾਡੇ ਤੋਂ ਸ਼ਾਮਿਲ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਸਾਰੀਆਂ ਧਾਰਮਿਕ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸੰਤਾਂ ਮਹਾਂਪੁਰਸ਼ਾਂ, ਪ੍ਰਸ਼ਾਸਨ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ, ਸਕੂਲਾਂ, ਕਾਲਜਾਂ, ਗਤਕਾ ਪਾਰਟੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸੰਗਤਾਂ ਜਗ੍ਹਾ-ਜਗ੍ਹਾ ਪ੍ਰਸ਼ਾਦੇ ਤੇ ਚਾਹ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਕਰ ਰਹੀਆਂ ਹਨ ਮੈਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਰਿਣੀ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਦਿਨ-ਦਿਹਾੜੇ ਤੇ ਸ਼ਹੀਦਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਮੌਕਾ ਕਿਸੇ ਕਰਮਾਂ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ।
ਇਸ ਮੌਕੇ ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ. ਹਰਪਾਲ ਸਿੰਘ ਜੱਲਾ, ਸ੍ਰ: ਰਤਨ ਸਿੰਘ ਜ਼ੱਫ਼ਰਵਾਲ, ਸ੍ਰ: ਕਸ਼ਮੀਰ ਸਿੰਘ ਬਰਿਆਰ, ਠੇਕੇਦਾਰ ਕੰਵਲ ਇੰਦਰ ਸਿੰਘ ਤੇ ਬੀਬੀ ਰਜਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਪ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸ੍ਰ: ਬਲਵਿੰਦਰ ਸਿੰਘ ਲਾਇਲਪੁਰੀ, ਜਥੇਦਾਰ ਗੁਰਪ੍ਰੀਤ ਸਿੰਘ ਵਿੰਕਲ, ਸ੍ਰ: ਇੰਦਰਜੀਤ ਸਿੰਘ ਮੱਕੜ, ਸ੍ਰ: ਮਨਿੰਦਰਪਾਲ ਸਿੰਘ ਮੱਕੜ ਕੌਸਲਰ, ਸ੍ਰ: ਅਮਰਜੀਤ ਸਿੰਘ ਹੈਪੀ, ਸ੍ਰ: ਕੇਵਲ ਸਿੰਘ ਤੇ ਸ੍ਰ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰ: ਸੁਖਵਿੰਦਰ ਸਿੰਘ ਗਰੇਵਾਲ ਤੇ ਸ੍ਰ: ਗੁਰਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਭਾਈ ਹਰਜੀਤ ਸਿੰਘ ਸੁਲਤਾਨਪੁਰੀ, ਭਾਈ ਸਰਬਜੀਤ ਸਿੰਘ ਤੇ ਭਾਈ ਬਲਵੰਤ ਸਿੰਘ ਪ੍ਰਚਾਰਕ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।