ਅੰਮ੍ਰਿਤਸਰ, ੨੫ ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ‘ਚ ਚਲਦੇ ਲੰਗਰਾਂ ਦੀ ਰਸਦ ਤੋਂ ਜੀ.ਐਸ.ਟੀ. ਹਟਾਉਣ ਦੀ ਮੰਗ ਕੀਤੀ ਹੈ। ਲੰਘੀ ੨੩ ਮਾਰਚ ਨੂੰ ਲਿਖੇ ਗਏ ਇਸ ਪੱਤਰ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿੱਤ ਮੰਤਰੀ ਨੂੰ ਲਿਖਿਆ ਹੈ ਕਿ ਸਿੱਖ ਧਰਮ ਅੰਦਰ ਲੰਗਰ ਦਾ ਵਿਸ਼ੇਸ਼ ਮਹੱਤਵ ਹੈ, ਜਿਸ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਗੁਰਦੁਆਰਾ ਸਾਹਿਬਾਨ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਬਿਨਾ ਭੇਦ-ਭਾਵ ਦੇ ਛਕਾਇਆ ਜਾਂਦਾ ਹੈ, ਇਸ ਲਈ ਗੁਰੂ ਕੇ ਲੰਗਰਾਂ ਦੀਆਂ ਰਸਦਾਂ ਨੂੰ ਟੈਕਸ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਵਿਚੋਂ ਲੱਖਾਂ ਸੰਗਤਾਂ ਰੋਜ਼ਾਨਾ ਲੰਗਰ ਛਕਦੀਆਂ ਹਨ ਅਤੇ ਜੀ.ਐਸ.ਟੀ. ਕਾਰਨ ਗੁਰੂ ਦੀ ਗੋਲਕ ‘ਤੇ ਵੱਡਾ ਵਿੱਤੀ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਨੁੱਖਤਾ ਦੇ ਧਾਰਮਿਕ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੀ.ਐਸ.ਟੀ. ਖ਼ਤਮ ਕਰ ਦਿੱਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਬਾਕੀ ਗੁਰਦੁਆਰਾ ਸਾਹਿਬਾਨ ਤੋਂ ਵੀ ਜੀ.ਐਸ.ਟੀ. ਹਟਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਤੋਂ ਜੀ.ਐਸ.ਟੀ. ਹਟਾਉਣ ਦਾ ਐਲਾਨ ਕੀਤਾ ਜਾਵੇ, ਤਾਂ ਜੋ ਗੁਰੂ ਦੀ ਗੋਲਕ ‘ਤੇ ਪੈ ਰਿਹਾ ਬੇਲੋੜਾ ਬੋਝ ਖ਼ਤਮ ਹੋ ਸਕੇ।