ਅੰਮ੍ਰਿਤਸਰ, 29 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪਨੂੰਆਂ ਦੇ ਡਾਇਰੈਕਟਰ ਸ. ਪ੍ਰਸ਼ੋਤਮ ਸਿੰਘ ਮੈਣੀ, ਸ. ਅਵਤਾਰ ਸਿੰਘ ਮੈਣੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਵਿਖੇ 55 ਹਜ਼ਾਰ ਰੁਪਏ ਭੇਟ ਕੀਤੇ ਗਏ ਹਨ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ ਦੀ ਪ੍ਰੇਰਣਾ ਨਾਲ ਗੁਰੂ ਘਰ ਦੇ ਇਨ੍ਹਾਂ ਸ਼ਰਧਾਲੂਆਂ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਮੌਜੂਦਗੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਇਹ ਰਾਸ਼ੀ ਸੌਂਪੀ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਗੁਰੂ ਨਾਨਕ ਸੇਵਾ ਮਿਸ਼ਨ ਲੁਧਿਆਣਾ ਵੱਲੋਂ ਵੀ 11 ਹਜ਼ਾਰ ਰੁਪਏ ਦੀ ਸੇਵਾ ਕਰਵਾਈ ਗਈ। ਇਸ ਤੋਂ ਇਲਾਵਾ ਮਿਸ਼ਨ ਵੱਲੋਂ ਸੈਨੇਟਾਈਜ਼ਰ ਅਤੇ ਮਾਸਕ ਵੀ ਦਿੱਤੇ ਗਏ। ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਚੌਹਾਨ ਅਤੇ ਮੈਂਬਰ ਸ. ਮਨਜਿੰਦਰ ਸਿੰਘ ਤੇ ਸ. ਮਹਿੰਦਰਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਨੂੰ ਲੰਗਰ ਲਈ ਮਾਇਆ ਅਤੇ ਸੁਰੱਖਿਆ ਕਿੱਟਾਂ ਸੌਂਪੀਆਂ, ਜਿਸ ’ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਇਕਬਾਲ ਸਿੰਘ ਮੁਖੀ, ਸ. ਸੁਖਬੀਰ ਸਿੰਘ, ਸੂਚਨਾ ਕਰਮਚਾਰੀ ਸ. ਅੰਮ੍ਰਿਤਪਾਲ ਸਿੰਘ ਮੌਜੂਦ ਸਨ।