ਅੰਮ੍ਰਿਤਸਰ, 20 ਮਾਰਚ- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਸਾਰੇ ਸੈਮੀਨਾਰਾਂ ਤੇ ਸਮਾਗਮਾਂ ਦੌਰਾਨ ਧੁਨੀ ਵਜੋਂ ਗਾਇਨ ਕੀਤੇ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸ਼ਿਵਾ ਬਰਿ ਮੋਹਿ ਇਹੈ’ ਦੀ ਥਾਂ ਸੁਰਜੀਤ ਪਾਤਰ ਦਾ ਇੱਕ ਗੀਤ ਲਾਗੂ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ‘ਤੇ ਤਿੱਖਾ ਇਤਰਾਜ ਪ੍ਰਗਟ ਕੀਤਾ ਹੈ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਯੁਨੀਵਰਸਿਟੀ ਦੀ ਧੁਨੀ ਵਜੋਂ ਸਥਾਪਿਤ ਸ਼ਬਦ ਨੂੰ ਬਦਲਣਾ ਕਿਸੇ ਤਰ੍ਹਾਂ ਜਾਇਜ ਨਹੀਂ। ਇਹ ਫੈਸਲਾ ਨਵਾਂ ਵਿਵਾਦ ਪੈਦਾ ਕਰਨ ਵਾਲਾ ਹੈ ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੌਮ ਅੰਦਰ ਪਹਿਲਾਂ ਹੀ ਕਈ ਵਿਵਾਦ ਹਨ ਅਤੇ ਯੂਨੀਵਰਸਿਟੀ ਨੂੰ ਹੋਰ ਨਵਾਂ ਵਿਵਾਦ ਨਹੀਂ ਛੇੜਨਾ ਚਾਹੀਦਾ। ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਥਾਪਤ ਸ਼ਬਦ ਦੀ ਥਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਨੂੰ ਲਾਗੂ ਕਰਨ ਪਿਛੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਇਹ ਤਰਕ ਬਿਲਕੁਲ ਤੱਥਹੀਣ ਹੈ ਕਿ ਹਰ ਯੂਨੀਵਰਸਿਟੀ ਦਾ ਆਪਣੀ ਧੁੰਨ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਇਸੇ ਲਈ ਇਹ ਤਬਦੀਲੀ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਯੂਨੀਵਰਸਿਟੀ ਆਪਣੀਆਂ ਪ੍ਰਾਪਤੀਆਂ, ਇਤਿਹਾਸ, ਰਵਾਇਤਾਂ ਆਦਿ ਬਾਰੇ ਕੋਈ ਗੀਤ ਜਾਂ ਹੋਰ ਪ੍ਰੋਗਰਾਮ ਵੀ ਪੇਸ਼ ਕਰਨਾ ਚਾਹੁੰਦੀ ਹੈ ਤਾਂ ਕਰੇ ਪਰੰਤੂ ਇਸ ਲਈ ਚਲਦੀ ਰਵਾਇਤ ਅਨੁਸਾਰ ਪੜ੍ਹਿਆ ਜਾਂਦਾ ਰਿਹਾ ਸ਼ਬਦ ਹਰਗਿਜ ਬੰਦ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਪ੍ਰਕਾਸ਼ ਪੁਰਬ ਸਮੇਂ ਹੋਂਦ ਵਿਚ ਆਈ ਸੀ ਜਿਸ ਦਾ ਮੰਤਵ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਉਭਾਰਨਾ ਹੈ। ਉਦੋਂ ਤੋਂ ਲੈ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਯੂਨੀਵਰਸਿਟੀ ਦੀ ਧੁਨੀ ਵਜੋਂ ਗਾਇਨ ਕੀਤਾ ਜਾ ਰਿਹਾ ਹੈ। ਇਹ ਸਰਬ ਪ੍ਰਵਾਨਿਤ ਸ਼ਬਦ ਹੈ ਤੇ ਇਹ ਹਰ ਥਾਂ ਅਰਦਾਸ ਵਜੋਂ ਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਨੂੰ ਬਿਨਾ ਦੇਰੀ ਬਦਲ ਦੇਣਾ ਚਾਹੀਦਾ ਹੈ।