ਅੰਮ੍ਰਿਤਸਰ : 6 ਜੂਨ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ 31 ਸਾਲ ਪਹਿਲਾਂ ਸਮੇਂ ਦੀ ਸਰਕਾਰ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਫੌਜ ਰਾਹੀਂ ਹਮਲਾ ਕਰਕੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸੀ ਓਥੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਉਨ੍ਹਾਂ ਸ਼ਹੀਦਾਂ ਦੀ ਹਰ ਸਾਲ ਵਰ੍ਹੇ ਗੰਢ ਪੂਰੀ ਸ਼ਰਧਾ ਭਾਵਨਾ ਨਾਲ ਮਨਾ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦੀ ਹੈ, ਪ੍ਰੰਤੂ ਹਰ ਵਾਰ ਕੁਝ ਸ਼ਰਾਰਤੀ ਹੁੱਲੜਬਾਜ ਇਸ ਵਰ੍ਹੇ ਗੰਢ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ‘ਚ ਵੰਨ ਸਵੰਨੀ ਨਾਹਰੇਬਾਜੀ ਕਰਕੇ ਇਸ ਸ਼ਹੀਦੀ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਹਨ ਜੋ ਅਤਿ ਮੰਦਭਾਗਾ ਹੈ। ਹੁੱਲੜਬਾਜਾਂ ਦੀ ਇਸ ਕਾਰਵਾਈ ਨਾਲ ਹਜ਼ਾਰਾਂ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਪੁੱਜੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਮੀਡੀਆ ਦੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੀ ਵਰ੍ਹੇਗੰਢ ਮੌਕੇ ਵੀ ਹੁੱਲੜਬਾਜਾਂ ਦੀ ਇਸ ਕਾਰਵਾਈ ਨਾਲ ਦੇਸ਼-ਵਿਦੇਸ਼ਾਂ ‘ਚ ਸਿੱਖਾਂ ਦੇ ਅਕਸ ਨੂੰ ਰਾਸ਼ਟਰੀ ਪੱਧਰ ਤੇ ਭਾਰੀ ਠੇਸ ਪੁੱਜੀ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਸ਼ਹੀਦੀ ਵਰ੍ਹੇ ਗੰਢ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਕੌਮ ਨੂੰ ਅਪੀਲ ਕੀਤੀ ਸੀ ਕਿ ਸਮਾਗਮ ਸਮੇਂ ਸੰਜਮ ਵਰਤਿਆ ਜਾਵੇ ਤੇ ਕਿਸੇ ਕਿਸਮ ਦੀ ਭੜਕਾਹਟ ਪੈਦਾ ਨਾ ਕੀਤੀ ਜਾਵੇ। ਪ੍ਰੰਤੂ ਇਸ ਵਾਰ ਵੀ ਕੁਝ ਸ਼ਰਾਰਤੀ ਲੋਕਾਂ ਨੇ ਪਿਛਲੇ ਸਾਲ ਵਾਲਾ ਹੀ ਕਾਰਾ ਦੁਹਰਾਇਆ ਹੈ ਜੋ ਬਹੁਤ ਹੀ ਮੰਦਭਾਗੀ ਤੇ ਨਿੰਦਣਯੋਗ ਗੱਲ ਹੈ। ਇਸੇ ਹੁੱਲੜਬਾਜੀ ਨਾਲ ਬਾਹਰੀ ਸੂਬਿਆਂ ਤੋਂ ਆਏ ਯਾਤਰੂ ਡਰਦੇ ਮਾਰੇ ਬਾਹਰ ਭੱਜੇ ਤੇ ਪਰਿਕਰਮਾਂ ਦੇ ਕਮਰਿਆਂ ‘ਚ ਲੁਕ ਗਏ ਜੋ ਅਫਸੋਸਨਾਕ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਸ਼ਰਾਰਤੀ ਲੋਕਾਂ ਦਾ ਸ਼ਾਇਦ ਇਕ ਹੀ ਮਕਸਦ ਹੈ ਕਿ ਸ਼ਹੀਦੀ ਸਮਾਗਮ ਬੰਦ ਕਰਵਾਇਆ ਜਾ ਸਕੇ, ਜਿਸ ਨੂੰ ਸ਼੍ਰੋਮਣੀ ਕਮੇਟੀ ਹਰਗਿੱਜ ਬਰਦਾਸਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨਾਹਰੇਬਾਜੀ ਕਰਨ ਤੇ ਨੰਗੀਆਂ ਕ੍ਰਿਪਾਨਾਂ ਲਹਿਰਾਉਣ ਵਾਲਿਆਂ ਵਿੱਚ ਕੁਝ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਸਿਰ ਮੁੰਨੇ ਹੋਏ, ਸਿਰਾਂ ਤੇ ਦਮਾਲੇ ਤੇ ਨਿਹੰਗ ਸਿੰਘਾਂ ਵਾਲਾ ਬਾਣਾ ਪਾ ਕੇ ਕੋਝੀਆਂ ਹਰਕਤਾਂ ਕਰ ਰਹੇ ਸਨ, ਜੋ ਕਹੜੀ ਮਰਯਾਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਮਾਗਮ ਨਿਰਵਿਘਨ ਸਮਾਪਤ ਹੋ ਗਿਆ ਸੀ,ਪਰ ਇਹ ਸ਼ਰਾਰਤੀ ਲੋਕ ਪੰਜ ਘੰਟੇ ਤੋਂ ਵੀ ਵੱਧ ਸਮਾਂ ਲਗਾਤਾਰ ਪ੍ਰੀਕਰਮਾਂ ਵਿੱਚ ਹੁੱਲੜਬਾਜੀ ਕਰਕੇ ਸੰਗਤਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਦੇ ਰਹੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਬਾਰ ਬਾਰ ਹੱਥ ਜੋੜਨ ਤੇ ਬੇਨਤੀ ਕਰਨ ਤੇ ਵੀ ਇਹ ਲੋਕ ਆਪਣੀ ਧੱਕੇਜੋਰੀ ਕਰਦੇ ਰਹੇ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਨ੍ਹਾਂ ਹੁੱਲੜਬਾਜਾਂ ਨੇ ਜਾਣ ਬੁੱਝ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਝੀ ਕੋਸ਼ਿਸ਼ ਕਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁੱਲੜਬਾਜੀ ਕੀਤੀ ਹੈ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।