ਅੰਮ੍ਰਿਤਸਰ, 2 ਅਕਤੂਬਰ (             ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ, ਬੋਦਲ, ਹੁਸ਼ਿਆਰਪੁਰ ਵਿਖੇ ਦਾਲ ਚੋਰੀ ਕਰਨ ਦੇ ਮਾਮਲੇ ਵਿਚ ਸਖਤੀ ਵਰਤਦਿਆਂ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੇ ਮੈਨੇਜਰ ਸੁਰਿੰਦਰਪਾਲ ਸਿੰਘ, ਸਟੋਰ ਕੀਪਰ  ਸਰਬਜੀਤ ਸਿੰਘ, ਹੈਲਪਰ ਇੰਦਰਜੀਤ ਸਿੰਘ ਤੇ ਮਾਲੀ ਦੀਵਾਨ ਚੰਦ ਸ਼ਾਮਲ ਹਨ।

ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੂੰ ਗੁਰਦੁਆਰਾ ਸਾਹਿਬ ਵਿਚੋਂ ਦਾਲ ਚੋਰੀ ਕਰਕੇ ਮਨਜੀਤ ਕਰਿਆਨਾ ਸਟੋਰ (ਜਲਾਲ ਚੱਕੀਆਂ ਦੀ ਦੁਕਾਨ) ਦਸੂਹਾ ਵਿਖੇ ਵੇਚਣ ਦੇ ਦੋਸ਼ੀ ਪਾਇਆ ਗਿਆ। ਫਲਾਇੰਗ ਵਿਭਾਗ ਵੱਲੋਂ ਚੋਰੀ ਕੀਤੀ ਗਈ ਦਾਲ ਵੀ ਮੌਕੇ ਤੋਂ ਬਰਾਮਦ ਕਰ ਲਈ ਗਈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੋਸ਼ੀਆਂ ਖਿਲਾਫ ਸਖ਼ਤ ਰੁਖ ਅਪਣਾਉਂਦਿਆਂ ਉਕਤ ਚਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਸੰਗਤੀ ਅਦਾਰੇ ਵਿਚ ਬੇਈਮਾਨ ਲੋਕਾਂ ਲਈ ਕੋਈ ਥਾਂ ਨਹੀਂ ਹੈ ਅਤੇ ਜੋ ਵੀ ਗੁਰਦੁਆਰਾ ਪ੍ਰਬੰਧ ਵਿਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।