-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜ਼ਾਵਟ

ਅੰਮ੍ਰਿਤਸਰ, 5 ਅਕਤੂਬਰ  ( ) ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਿਚ ਭਾਰੀ ਚਾਅ ਅਤੇ ਉਮਾਹ ਪਾਇਆ ਜਾ ਰਿਹਾ ਹੈ ਅਤੇ ਉਹ ਪਿਛਲੇ ਦਿਨਾਂ ਤੋਂ ਵੱਡੀ ਗਿਣਤੀ ਵਿਚ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਨਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿਚ ਹੀ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਸਮੂਹ ਮੁਲਾਜ਼ਮਾਂ ਨਾਲ ਵਿਸ਼ੇਸ਼ ਇਕੱਤਰਤਾ ਕਰਕੇ ਪ੍ਰਕਾਸ਼ ਪੁਰਬ ਸਮੇਂ ਆਪੋ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ੬ ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਇਸੇ ਦਿਨ ਰਾਤ ਦੇ ਰਾਗ ਦਰਬਾਰ ਸਮੇਂ ਹਾਜ਼ਰੀ ਯਕੀਨੀ ਬਣਾਉਣ ਦੀ ਪ੍ਰੇਰਨਾ ਵੀ ਕੀਤੀ।
ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਚੱਲਦਿਆਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜ਼ਾਵਟ ਵੀ ਸ਼ੁਰੂ ਕੀਤੀ ਗਈ। ਫੁੱਲਾਂ ਦੀ ਸਜ਼ਾਵਟ ਆਰੰਭ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਮੌਜੂਦ ਸਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਜਾ ਰਹੀ ਇਹ ਫੁੱਲਾਂ ਕੀਤੀ ਜਾ ਰਹੀ ਸਜ਼ਾਵਟ ਲਈ ਵਰਤੇ ਜਾਣ ਵਾਲੇ ਫੁੱਲਾਂ ਵਿਚ ਕੁਝ ਵਿਦੇਸ਼ੀ ਅਤੇ ਕੁਝ ਦੇਸੀ ਫੁੱਲ ਹੋਣਗੇ। ਡਾ. ਰੂਪ ਸਿੰਘ ਅਨੁਸਾਰ ਐਨਥੋਡੀਅਮ, ਔਰਕਿੰਡ, ਲਿੱਲੀ, ਕਾਰਨੇਸ਼ਨ, ਡੇਜ਼ੀ, ਗਰੀਨ ਲੀਵਸ, ਕਲੀ, ਗੁਲਦੋਦੀ, ਗੁਲਾਬ, ਮੋਗਰਾ ਆਦਿ ਕਿਸਮਾਂ ਦੇ ਫੁੱਲ ਸਿੰਘਾਪੁਰ, ਥਾਈਲੈਂਡ, ਮਲੇਸ਼ੀਆ, ਮੁੰਬਈ, ਕਲਕੱਤਾ, ਪੂਨਾ ਅਤੇ ਦਿੱਲੀ ਆਦਿ ਤੋਂ ਮੰਗਵਾਏ ਗਏ ਹਨ। ਉਨ੍ਹਾਂ ਪ੍ਰਕਾਸ਼ ਪੁਰਬ ਮੌਕੇ ਪ੍ਰਬੰਧਾਂ ਵਿਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ ਕਿ ਇਸ ਦਿਹਾੜੇ ਨੂੰ ਜਾਹੋ-ਜਲਾਲ ਨਾਲ ਮਨਾਉਣ ਲਈ ਆਪੋ-ਆਪਣਾ ਯੋਗਦਾਨ ਪਾਈਏ।
ਇਸੇ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ‘ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਦੀ ਆਰੰਭਤਾ ਲਈ ਅਰਦਾਸ ਭਾਈ ਗੁਰਸੇਵਕ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਗੁਰਦੁਆਰਾ ਮੰਜੀ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਵੱਲੋਂ ਲਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਅਤੇ ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਬਿਜੈ ਸਿੰਘ ਤੇ ਸ. ਬਲਵਿੰਦਰ ਸਿੰਘ ਜੋੜਾਸਿੰਘਾ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਡਾ. ਪਰਮਵੀਰ ਸਿੰਘ ਮੈਂਬਰ ਸਿੱਖ ਇਤਿਹਾਸ ਰਿਸਰਚ ਬੋਰਡ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਐਡੀਸ਼ਨਲ ਮੈਨੇਜਰ ਸ. ਸੁਖਰਾਜ ਸਿੰਘ, ਸ. ਲਖਵਿੰਦਰ ਸਿੰਘ ਬੱਦੋਵਾਲ, ਸ. ਸੁਖਬੀਰ ਸਿੰਘ, ਸ. ਪਰਮਜੀਤ ਸਿੰਘ ਤੇ ਸ. ਰਾਜਿੰਦਰ ਸਿੰਘ ਅਟਾਰੀ ਸਮੇਤ ਸੰਗਤਾਂ ਹਾਜ਼ਰ ਸਨ।