kavi darbar picਅੰਮ੍ਰਿਤਸਰ 28 ਦਸੰਬਰ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਲਗੀਧਰ ਦਸਮੇਸ਼ ਪਿਤਾ ਦੇ ਫਰਜ਼ੰਦ ਛੋਟੇ-ਛੋਟੇ ਲਾਲਾਂ  ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਟੋਡਰ ਮੱਲ ਹਾਲ ਵਿਖੇ ਕਵੀ ਦਰਬਾਰ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਕਵੀਆਂ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਾਜਾਦੇ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਬੜੀ ਸੁਹਿਰਦਤਾ ਨਾਲ ਜ਼ਿਕਰ ਕਰਦਿਆਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਪੰਥਕ ਕਵੀ ਭਾਈ ਬਲਬੀਰ ਸਿੰਘ ਬੱਲ ਵੱਲੋਂ ਮਾਤਾ ਗੁਜਰ ਕੌਰ ਜੀ ਦੀ ਜੀਵਨ ਗਾਥਾ ਪੇਸ਼ ਕਰਦੇ ਹੋਏ ਉਨ੍ਹਾਂ ਦੇ ਜੀਵਨ ਅਤੇ ਅਦੁੱਤੀ ਕੁਰਬਾਨੀ ਨੂੰ ਬੜੇ ਹੀ ਭਾਵ ਪੂਰਤ ਸ਼ਬਦਾਂ ਨਾਲ ਕੁਝ ਇਸ ਤਰ੍ਹਾਂ ਪੇਸ਼ ਕੀਤਾ ਗਿਆ –
ਗੁਜਰੀ ਜਦੋਂ ਸਰਹੰਦ ‘ਚ ਗੁਜਰੀ
ਗੁਜਰੀ ਉੱਤੇ ਕੀ ਨਹੀਂ ਗੁਜਰੀ
ਕੁੱਲ ਦੁਨੀਆਂ ਤੇ ਪੀੜ੍ਹ ਜੋ ਗੁਜਰੀ
ਕਿਹਾ ਜਾਲਮ ਨੇ ਪੀ ਨੀ ਗੁਜਰੀ
ਪਤੀ, ਪੋਤੇ, ਪਰਿਵਾਰ ਵਾਰ ਕੇ
ਬਿਲਕੁਲ ਕੀਤੀ ਸੀ ਨਹੀਂ ਗੁਜਰੀ
ਗੁਜਰੀ ਦੀ ਕੁਰਬਾਨੀ ਤੱਕ ‘ਬੱਲ’
ਦੁਨੀਆਂ ਕਹੇ ਜੀਅ ਜੀਅ ਨੀ ਗੁਜਰੀ
ਇਸੇ ਤਰ੍ਹਾਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨੂੰ ਬਿਆਨ ਕਰਦੇ ਹੋਏ ਪ੍ਰਸਿੱਧ ਕਵੀ ਸ੍ਰ: ਤਰਲੋਕ ਸਿੰਘ ਦੀਵਾਨਾ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ-
ਆਓ ਉਨ੍ਹਾਂ ਦੀ ਪਾਲੀਏ ਲਾਜ ਸਾਰੇ
ਜਿਨ੍ਹਾਂ ਕੌਮ ਲਈ ਘਾਲਾਂ ਘਾਲੀਆਂ ਨੇ
ਪੁੱਤਰ ਮੌਤ ਦੀ ਘੋੜੀ ਤੇ ਚਾਹੜਕੇ ਵੀ
ਚੜ੍ਹੀਆਂ ਮੂੰਹਾਂ ‘ਤੇ ਗਿੱਠ-ਗਿੱਠ ਲਾਲੀਆਂ ਨੇ
ਦੀਵੇ ਖੋਪੜੀ ਦੇ ਵੱਟੀ ਆਂਦਰਾਂ ਦੀ
ਖੂਨ ਪਾ ਕੇ ਜੋਤਾਂ ਬਾਲੀਆਂ ਨੇ
ਵੱਧ ਚੜ੍ਹਕੇ ਕੀਮਤਾਂ ਤਾਰੀਆਂ ਨੇ
ਮੇਰੀ ਕੌਮ ਲਈ ਕੌੰਮ ਦੇ ਮਾਲੀਆਂ ਨੇ
ਇਸੇ ਤਰ੍ਹਾਂ ਬੀਬਾ ਇੰਦਰਜੀਤ ਕੌਰ ਖਾਲਸਾ ਨੇ ਚਮਕੌਰ ਦੀ ਗੜ੍ਹੀ ਦੀ ਦਾਸਤਾਨ ਬਿਆਨ ਕਰਦਿਆਂ ‘ਖੂਨੀ ਸਾਕੇ’ ਦੀ ਸੁੰਦਰ ਤਸਵੀਰ ਖਿੱਚਦਿਆਂ ਸਰੋਤਿਆਂ ਨੂੰ ਇੰਝ ਕੀਲਿਆ-
ਨਮਸਕਾਰ ਹੈ ਗੜ੍ਹੀ ਚਮਕੌਰ ਦੀ ਨੂੰ
ਜੂਝੇ ਸੋਹਣੇ ਅਜੀਤ ਤੇ ਜੁਝਾਰ ਜਿੱਥੇ
ਨਮਸਕਾਰ ਹੈ ਖੂਨੀ ਸਰਹੰਦ ਤਾਈਂ
ਲਾਲ ਕੰਧਾਂ ਦਾ ਬਣੇ ਸ਼ਿੰਗਾਰ ਜਿੱਥੇ
ਇਸ ਸਮਾਗਮ ਵਿੱਚ ਉਕਤ ਤਿੰਨਾਂ ਕਵੀਆਂ ਤੋਂ ਇਲਾਵਾ ਸ੍ਰ: ਬਲਵਿੰਦਰ ਸਿੰਘ ਸੰਧਾ, ਸ੍ਰ: ਅਜੀਤ ਸਿੰਘ ‘ਰਤਨ’, ਸ੍ਰ: ਮੱਖਣ ਸਿੰਘ ਮੱਤੇਵਾਲ, ਸ੍ਰ: ਜੋਗਿੰਦਰ ਸਿੰਘ, ਸ੍ਰ: ਸਤਬੀਰ ਸਿੰਘ ‘ਸ਼ਾਨ’, ਸ੍ਰ: ਚੈਨ ਸਿੰਘ ‘ਚੱਕਰਵਰਤੀ’, ਸ੍ਰ: ਬਚਨ ਸਿੰਘ ‘ਗੜਗੱਜ’, ਸ੍ਰ: ਵਿਰਸਾ ਸਿੰਘ, ਸ੍ਰ: ਮੁਖਤਿਆਰ ਸਿੰਘ ‘ਮਸਕੀਨ’, ਸ੍ਰ: ਅਮਰਜੀਤ ਸਿੰਘ ਪਟਿਆਲਾ, ਬੀਬਾ ਇੰਦਰਜੀਤ ਕੌਰ ਮੋਹਾਲੀ, ਬੀਬੀ ਗੁਰਮੀਤ ਕੌਰ, ਬੀਬੀ ਸਤਨਾਮ ਕੌਰ ‘ਸੱਤੇ’, ਸ੍ਰ: ਕ੍ਰਿਪਾਲ ਸਿੰਘ ਪਟਿਆਲਾ, ਸ੍ਰ: ਅਜੀਤ ਸਿੰਘ ਖਾਲਸਾ, ਗਿਆਨੀ ਰਣਜੀਤ ਸਿੰਘ ਆਦਿ ਨਾਮਵਰ ਕਵੀਆਂ ਨੇ ਆਪਣੀ ਵੱਡਮੁੱਲੀ ਸ਼ਾਇਰੀ ਦੇ ਜੌਹਰ ਵਿਖਾਉਂਦੇ ਹੋਏ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਏ ‘ਖੂਨੀ ਸਾਕੇ’ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਦਰਸਾਇਆ।
ਇਸ ਸਮੇਂ ਭਾਈ ਅਵਤਾਰ ਸਿੰਘ, ਭਾਈ ਬਲਦੇਵ ਸਿੰਘ ਤੇ ਭਾਈ ਪ੍ਰਮਿੰਦਰ ਸਿੰਘ ਪ੍ਰਚਾਰਕ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।