ਅੰਮ੍ਰਿਤਸਰ, ੨੭ ਅਪ੍ਰੈਲ- ਛੱਤੀਸਗੜ੍ਹ ਸੂਬੇ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪੰਜਾਬ ਪਹੁੰਚੀਆਂ ਸਿਕਲੀਗਰ ਸਿੱਖ ਸੰਗਤਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ। ਸਿਕਲੀਗਰ ਸਿੱਖ ਭਾਈਚਾਰੇ ਦਾ ਇਹ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਹਰਪ੍ਰੀਤ ਸਿੰਘ ਵਧੀਕ ਮੈਨੇਜਰ ਨੇ ਜਥੇ ਦੇ ਆਗੂਆਂ ਨੂੰ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ ਅਤੇ ਇਨ੍ਹਾਂ ਦਾ ਸਿੱਖੀ ਪ੍ਰਤੀ ਪੂਰਨ ਵਿਸ਼ਵਾਸ ਹੈ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪਹੁੰਚੇ ਸਿਕਲੀਗਰ ਸਿੱਖ ਜਥੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸਿਕਲੀਗਰ ਸਿੱਖ ਜਥੇ ਦੇ ਆਗੂਆਂ ਨੇ ਗੁਰ-ਅਸਥਾਨਾਂ ਦੇ ਦਰਸ਼ਨਾਂ ਲਈ ਦਿੱਤੇ ਸਹਿਯੋਗ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਕੀਤਾ।
ਇਸ ਮੌਕੇ ਛੱਤੀਸਗੜ੍ਹ ਅੰਦਰ ਧਰਮ ਪ੍ਰਚਾਰ ਲਈ ਸਰਗਰਮ ਭਾਈ ਗੁਰਮੀਤ ਸਿੰਘ ਸੈਣੀ ਰਾਏਪੁਰ ਸਮੇਤ ਜਥੇ ਨਾਲ ਪਹੁੰਚੇ ਸਿਕਲੀਗਰ ਸਿੱਖ ਆਗੂਆਂ ਵਿੱਚੋਂ ਸ. ਦਾਰਾ ਸਿੰਘ ਰਾਏਪੁਰ, ਸ. ਗੁਰਦੀਪ ਸਿੰਘ ਅਬਨਪੁਰ, ਸ. ਰਘਬੀਰ ਸਿੰਘ ਦੱਲੀਰਾਜਰਾ, ਸ. ਮੰਗਲ ਸਿੰਘ ਰਾਜਨੰਦਗਾਂਵ, ਸ. ਅਤਰ ਸਿੰਘ ਭਲਈ, ਸ. ਕਿਸ਼ਨ ਸਿੰਘ ਰਾਏਪੁਰ, ਸ. ਭਗਤ ਸਿੰਘ ਬਿਲਾਸਪੁਰ, ਸ. ਹਿੰਮਤ ਸਿੰਘ ਰਾਏਪੁਰ ਆਦਿ ਮੌਜੂਦ ਸਨ।