1 copy
ਕੈਂਸਰ ਪੀੜ੍ਹਤ ਮਰੀਜ਼ਾਂ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ
ਸਹਾਇਤਾ ਜਾਰੀ ਰਹੇਗੀ- ਜਥੇ.ਅਵਤਾਰ ਸਿੰਘ
ਅੰਮ੍ਰਿਤਸਰ 30 ਮਾਰਚ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਖੇ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ. ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਅੰਤ੍ਰਿੰਗ ਮੈਂਬਰ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਨ ਸਿੰਘ ਬੰਗੀ, ਸ. ਸੁਰਜੀਤ ਸਿੰਘ ਗੜ੍ਹੀ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਮੰਗਲ ਸਿੰਘ ਸ਼ਾਮਲ ਹੋਏ।
ਇਕੱਤਰਤਾ ਦੌਰਾਨ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ ੨੦੧੫-੧੬ ਦਾ ਸਾਲਾਨਾ ਬਜਟ ਪੇਸ਼ ਕੀਤਾ, ਜਿਸ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਤੇ ਸਰਬ-ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ ੧ ਅਪ੍ਰੈਲ ੨੦੧੫ ਤੋਂ ੩੧ ਮਾਰਚ ੨੦੧੬ ਤੀਕ ਦਾ ਸਾਲਾਨਾ ਬਜਟ ਨੌ ਅਰਬ ਤਰਿਆਨਵੇਂ ਕਰੋੜ ਤੇਈ ਲੱਖ ਉਨਾਨਵੇਂ ਹਜ਼ਾਰ ਛੇ ਸੌ ਰੁਪਏ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਦਫਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਵੱਲੋਂ ਸ਼੍ਰੋਮਣੀ ਕਮੇਟੀ ਦਾ ਸਾਲ ੨੦੧੫-੧੬ ਦਾ ਸਾਲਾਨਾ ਬਜਟ
੧. ਜਨਰਲ ਬੋਰਡ ਫੰਡ ———੫੯ ਕਰੋੜ ਰੁਪਏ
੨. ਟਰੱਸਟ ਫੰਡਜ਼ ————-੪੩ ਕਰੋੜ ੧੩ ਲੱਖ ੨੮ ਹਜ਼ਾਰ ੬ ਸੌ ਰੁਪਏ
੩. ਵਿਦਿਆ ਫੰਡ —————੩੧ ਕਰੋੜ ਰੁਪਏ ਕੇਵਲ
੪. ਪ੍ਰਿੰਟਿੰਗ ਪ੍ਰੈਸਾਂ ————੭ ਕਰੋੜ ੫ ਲੱਖ ਰੁਪਏ ਕੇਵਲ
੫. ਧਰਮ ਪ੍ਰਚਾਰ ਕਮੇਟੀ———-੬੭ ਕਰੋੜ ਰੁਪਏ ਕੇਵਲ
੬. ਗੁਰਦੁਆਰਾ ਸਾਹਿਬਾਨ ਦਫਾ——੮੫ ੬ ਅਰਬ ੩ ਕਰੋੜ ੮੪ ਲੱਖ ੬੧ ਹਜ਼ਾਰ ਰੁਪਏ ਕੇਵਲ
੭. ਵਿਦਿਅਕ ਅਦਾਰੇ —————੧ ਅਰਬ ੮੨ ਕਰੋੜ ੨੧ ਲੱਖ ਰੁਪਏ ਕੇਵਲ

ਕੁੱਲ ੯ ਅਰਬ ੯੩ ਕਰੋੜ ੨੩ ਲੱਖ ੮੯ ਹਜ਼ਾਰ ੬੦੦ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਜੋ ਪਿਛਲੇ ਸਾਲ ਨਾਲੋਂ ੮੮ ਕਰੋੜ ੧੭ ਲੱਖ ੩੭ ਹਜ਼ਾਰ ੩੦੦ ਸੌ ਰੁਪਏ ਵੱਧ ਹੈ ਜੋ ਪਿਛਲੇ ਸਾਲ ਨਾਲੋਂ ਇਸ ਸਾਲ (੯.੭੪੨ %) ਵੱਧ ਹੈ। ਬਜਟ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕੈਨਸਰ ਪੀੜ੍ਹਤ ਮਰੀਜਾਂ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਦੀ ਤਰ੍ਹਾਂ ਸਹਾਇਤਾ ਜਾਰੀ ਰਹੇਗੀ।ਉਨ੍ਹਾ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਇਲਾਵਾ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਤੇ ਹਸਪਤਾਲ ਚਲਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ੧੩ ਸਕੂਲ/ਕਾਲਜਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਕਾਫੀ ਸਕੂਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਜਿਹੜੇ ਸਕੂਲਾਂ/ ਕਾਲਜਾਂ ਦੀਆਂ ਇਮਾਰਤਾਂ ਦਾ ਕੰਮ ਰਹਿੰਦਾ ਹੈ ਉਨ੍ਹਾਂ ਲਈ ੨੦ ਕਰੋੜ ਰੁਪਏ ਰੱਖੇ ਗਏ ਹਨ।ਸ੍ਰੀ ਗੁਰੂ ਗੋਬਿੰਦ ਸਿੰਘ ਭਗਤਾ ਭਾਈ ਕਾ ਭਾਈ ਮਹਾਂ ਸਿੰਘ ਜੀ ਖਾਲਸਾ ਪਬਲਿਕ ਸਕੂਲ ਜਲਾਲਾਬਾਦ (ਫਿਰੋਜਪੁਰ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਵਿਚ ਇਸ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ (ਹਰਿਆਣਾ) ਲਈ ੫ ਕਰੋੜ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਸ੍ਰੀ ਫਤਹਿਗੜ੍ਹ ਸਾਹਿਬ ਦੇ ਵਿਸਥਾਰ ਲਈ ੮ ਕਰੋੜ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਸ਼ਾਹਪੁਰ (ਹਰਿਆਣਾ) ਲਈ ੨ ਕਰੋੜ ਰੁਪਏ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਮਰੀਜ਼ਾਂ ਦੀ ਸਹਾਇਤਾ ਲਈ ੩ ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਕੈਂਸਰ ਵਰਗੀ ਨਾ ਮੁਰਾਦ ਭਿਆਨਕ ਬਿਮਾਰੀ ਤੋਂ ਪੀੜਤ ਮਰੀਜਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਬਿਨਾਂ ਭੇਦ-ਭਾਵ ਜਾਰੀ ਰਹੇਗੀ ਸਾਲ ੨੦੧੧ ਤੋਂ ੨੦੧੪-੧੫ ਤੀਕ ੬੬੩੩ ਕੈਂਸਰ ਪੀੜਤ ਮਰੀਜਾਂ ਨੂੰ ੧੩ ਕਰੋੜ ੪੩ ਲੱਖ ੨੬ ਹਜ਼ਾਰ ੧੫੪ ਰੁਪਏ ਸਹਾਇਤਾ ਦਿੱਤੀ ਜਾ ਚੁੱਕੀ ਹੈ ਇਸ ਚਾਲੂ ਮਾਲੀ ਸਾਲ ਦੌਰਾਨ ਕੈਂਸਰ ਪੀੜਤ ਮਰੀਜਾਂ ਲਈ ੬ ਕਰੋੜ ਰੁਪਏ ਰਕਮ ਰੱਖੀ ਗਈ ਹੈ। ਬੱਚਿਆ ਨੂੰ ਨਸ਼ਿਆ ਤੋਂ ਦੂਰ ਤੇ ਰਿਸ਼ਟ ਪੁਸ਼ਟ ਰੱਖਣ ਲਈ ਤਿੰਨ ਹਾਕੀ ਅਕੈਡਮੀਆਂ ਤੇ ਕਬੱਡੀ ਟੀਮ ਬਣਾ ਕੇ ਬੱਚਿਆਂ ਨੂੰ ਤੰਦਰੁਸਤ ਰੱਖਿਆ ਜਾ ਰਿਹਾ ਹੈ ਤੇ ਚਾਲੂ ਮਾਲੀ ਸਾਲ ਦੇ ਦੌਰਾਨ ਖੇਡ ਮੈਦਾਨ ਆਦਿ ਦੇ ਵਿਸਥਾਰ ਲਈ ੩ ਕਰੋੜ ਰੁਪਏ ਰਕਮ ਰੱਖੀ ਗਈ ਹੈ।ਗਰੀਬ ਤੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨ ਵਾਸਤੇ ਵੀ ਰਕਮ ੧ ਕਰੋੜ ੩੦ ਲੱਖ ਰੁਪਏ ਰੱਖੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਪਰਿਵਾਰਾਂ ਦੇ ਅੰਮ੍ਰਿਤਧਾਰੀ ਬੱਚਿਆਂ ਲਈ ਪ੍ਰਾਇਮਰੀ ਤੱਕ ਦੇ ਵਿਦਿਆਰਥੀਆਂ ਲਈ ੨੦੦੦ ਰੁਪਏ, ਦਸਵੀਂ ਤੱਕ ੩੦੦੦ ਰੁਪਏ ਅਤੇ +੨ ਤੱਕ ੪੦੦੦ ਰੁਪਏ ਸਲਾਨਾ ਵਜੀਫੇ ਦੇ ਤੌਰ ਤੇ ਦੇਣ ਲਈ ਕੁੱਲ ੨ ਕਰੋੜ ਰੁਪਏ ਰਖੇ ਗਏ ਹਨ।
ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਜਿਹੜੇ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਸਨ ਉਨ੍ਹਾਂ ਵਿਚੋਂ ਰਹਿੰਦੇ ਫੌਜੀਆਂ ਲਈ ੨ ਕਰੋੜ ੨੫ ਲੱਖ ਰੁਪਏ ਰਕਮ ਰੱਖੀ ਗਈ ਹੈ।ਨਵੰਬਰ ੧੯੮੪ ‘ਚ ਦਿੱਲੀ ਅਤੇ ਹੋਰ ਸ਼ਹਿਰਾ ਵਿੱਚ ਹੋਈ ਨਸ਼ਲਕੁਸ਼ੀ ਤੋਂ ਪਰਭਾਵਤ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆਂ ਲਈ ੫੦ ਲੱਖ ਰੁਪਏ ਰੱਖੇ ਗਏ ਹਨ।ਨਵੰਬਰ ੧੯੮੪ ਵਿਚ ਸਿੱਖ ਨਸ਼ਲਕੁਸ਼ੀ ਸਬੰਧੀ ਸਪੈਸ਼ਲ ਕੋਰਟ ਕੇਸਾਂ ਦੀ ਪੈਰਵਾਈ ਅਤੇ ਵਕੀਲਾਂ ਦੀ ਫੀਸ ਆਦਿ ਲਈ ੫੦ ਲੱਖ ਰੁਪਏ ਰੱਖੇ ਗਏ ਹਨ। ਕੈਂਬਰਿਜ ਯੂਨੀਵਰਸਿਟੀ ਇੰਗਲੈਡ ਵਿਚ ਵਿਦਿਆ ਪ੍ਰਾਪਤ ਕਰ ਰਹੇ ਸਿੱਖ ਵਿਦਿਆਰਥੀਆਂ ਦੀਆਂ ਫੀਸਾਂ ਲਈ ੧ ਕਰੋੜ ਰੁਪਏ ਰਕਮ ਰੱਖੀ ਗਈ ਹੈ।ਅੱਜ ਦੇ ਇਲੈਕਟ੍ਰੋਨਿਕ ਯੁੱਗ ਨੂੰ ਮੁੱਖ ਰੱਖਦੇ ਹੋਏ ਡਾਕੂਮੈਂਟਰੀ ਫਿਲਮਾਂ ਤਿਆਰ ਕਰਨ ਅਤੇ ਵਧੇਰੇ ਸੰਗਤਾਂ ਨੂੰ ਦਿਖਾਉਣ ਹਿੱਤ ਨਵੇਂ ਪ੍ਰੋਜੈਕਟਰ ਅਤੇ ਵੀਡੀਓ ਵੈਨਾਂ ਆਦਿ ਖ੍ਰੀਦ ਕਰਨ ਲਈ ੯੩ ਲੱਖ ਰੁਪਏ ਰਖੇ ਗਏ ਹਨ।ਧਰਮ ਦੇ ਪ੍ਰਚਾਰ ਤੇ ਪਸਾਰ ਨੂੰ ਮੁੱਖ ਰਖਦੇ ਹੋਏ ਸਿੱਖ ਮਿਸ਼ਨ ਅਮਰੀਕਾ ਲਈ ੨ ਕਰੋੜ ਰੁਪਏ ਰਖੇ ਗਏ ਹਨ।ਕਾਠਮੰਡੂ ਨੇਪਾਲ ਵਿਖੇ ਖੋਲੇ ਸਿੱਖ ਮਿਸ਼ਨ ਲਈ ੧ ਕਰੋੜ ੫੦ ਲੱਖ ਰੁਪਏ, ਹਰਿਆਣਾ ਸਿੱਖ ਮਿਸ਼ਨ ਲਈ ੨ ਕਰੋੜ, ਰਾਜਿਸਥਾਨ ਲਈ ੨੦ ਲੱਖ, ਯੂ ਪੀ, ਦਿੱਲੀ ਤੇ ਮੱਧ ਪ੍ਰਦੇਸ਼ ਮਿਸ਼ਨਾਂ ਲਈ ੧ ਕਰੋੜ ੮੫ ਲੱਖ ਰੁਪਏ ਰੱਖੇ ਗਏ ਹਨ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਬਹਾਦਰਗੜ੍ਹ (ਪਟਿਆਲਾ) ਦੀ ਆਧੁਨਿਕ ਸਹੂਲਤਾਂ ਵਾਲੀ ਇਮਾਰਤ ਲਈ ੩ ਕਰੋੜ ਰੁਪਏ ਰਖੇ ਗਏ ਹਨ। ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਜਾਹੋ ਜਲਾਲ ਨਾਲ ਮਨਾਉਣ ਲਈ ੨ ਕਰੋੜ ਰੁਪਏ ਰਕਮ ਰੱਖੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ੨ ਕਰੋੜ ਰੁਪਏ, ਵਿਦੇਸ਼ਾ ਵਿੱਚ ਪ੍ਰੈੱਸ ਲਗਾਉਣ ਲਈ ੧ ਕਰੋੜ ਰੁਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਦੋ ਏ ਸੀ ਬੱਸਾਂ ਖਰੀਦ ਕਰਨ ੪੦ ਲੱਖ ਰੁਪਏ, ਸਿੱਖ ਇਤਿਹਾਸ ਖੋਜ, ਲਿਖਾਈ ਤੇ ਛਪਾਈ ਲਈ ੫੫ ਲੱਖ ਰੁਪਏ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਕੰਪਿਉਟਰੀਕਰਨ ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ੨੫ ਲੱਖ ਰੁਪਏ ਰਖੇ ਗਏ ਹਨ, ਕੁਦਰਤੀ ਆਫਤਾਂ ਸਮੇਂ ਮਨੁਖਤਾ ਦੀ ਸੇਵਾ ਲਈ ੫੦ ਲੱਖ ਰੁਪਏ ਦੀ ਰਕਮ ਰੱਖੀ ਗਈ ਹੈ,ਪੰਜਾਬ ਦੇ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਵਾਸਤੇ ਮੈਟੀਰੀਅਲ ਰੂਪ ਵਿਚ ਸਹਾਇਤਾ ਲਈ ੫੦ ਲੱਖ ਰੁਪਏ ਅਤੇ ਪੰਜਾਬ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ ਲਈ ੧ ਕਰੋੜ ਰੁਪਏ ਰੱਖੇ ਗਏ ਹਨ, ਜੇਲ੍ਹਾਂ ਵਿੱਚ ਬੰਦ ਨਿਰਦੋਸ਼ ਸਿੱਖਾਂ ਦੀ ਸਹਾਇਤਾ ਲਈ ੧ ਕਰੋੜ ਰੁਪਏ ਰਕਮ ਰੱਖੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਘੰਟਾ ਘਰ ਵਾਲੀ ਬਾਹੀ ਦਾ ਨਵੀਨੀਕਰਨ ਕਰਨ ਲਈ ੫ ਕਰੋੜ ਰੁਪਏ, ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਦੇ ਵਿਸਥਾਰ ਤੇ ਨਵੀਨੀਕਰਨ ਪੁਰ ਤਕਰੀਬਨ ੬੦ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਜਿਸ ਤੇ ਸਾਲ ੨੦੧੪-੧੫ ਵਿੱਚ ੨੦ ਕਰੋੜ ਰੁਪਏ ਅਤੇ ਸਾਲ ੨੦੧੫-੧੬ ਵਿੱਚ ੧੭ ਕਰੋੜ ਰੁਪਏ ਰੱਖੇ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆ ਰਹੀਆਂ ਸੰਗਤਾਂ ਦੇ ਠਹਿਰਨ ਲਈ ਨਵੇਂ ਬਣ ਰਹੇ ਸਾਰਾਗੜ੍ਹੀ ਯਾਤਰੀ ਨਿਵਾਸ ਲਈ ੨ ਕੌੜ ੫੦ ਲੱਖ ਰੁਪਏ ਰੱਖੇ ਗਏ ਹਨ।ਮਨੁੱਖਤਾ ਦੀ ਭਲਾਈ ਅਤੇ ਅਪਾਹਜ ਵਿਅਕਤੀਆਂ ਲਈ ਪਿੰਗਲਵਾੜਾ ਭਗਤ ਪੂਰਨ ਸਿੰਘ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ੧੦ ਲੱਖ ਰੁਪਏ ਦਿੱਤੇ ਜਾਣਗੇ। ਭਾਈ ਬਚਿੱਤਰ ਸਿੰਘ ਨਿਵਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਨਿਰਮਾਣ ਲਈ ੩ ਕਰੋੜ ੪੦ ਲੱਖ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਨਿਰਮਾਣ ਲਈ ਵੀ ੫ ਕਰੋੜ ਰੁਪਏ ਰੱਖੇ ਗਏ ਹਨ। ਗੁਰਦੁਆਰਾ ਸਾਹਿਬ ਗੁਰੂ ਨਾਨਕ ਘਾਟ ਉਜੈਨ ਦੀ ਇਮਾਰਤ ਲਈ ੧ ਕਰੋੜ ਰੁਪਏ ਰੱਖੇ ਗਏ ਹਨ।ਇਸ ਤੋਂ ਪਹਿਲਾਂ ਸ. ਸੁਰਜੀਤ ਸਿੰਘ ਸਾਬਕਾ ਸਕੱਤਰ ਤੇ ਸ. ਗੁਰਮੀਤ ਸਿੰਘ ਚਾਰਟਡ ਅਕਾਉਂਟੈਂਟ ਦੇ ਨਮਿਤ ਸ਼ੋਕ ਮਤੇ ਪੜੇ ਗਏ।
ਅੱਜ ਦੀ ਇਕੱਤਰਤਾ ਵਿੱਚ ਸ.ਦਲਮੇਘ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਦਿਲਜੀਤ ਸਿੰਘ ‘ਬੇਦੀ’, ਸ.ਮਹਿੰਦਰ ਸਿੰਘ ਆਹਲੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ.ਹਰਭਜਨ ਸਿੰਘ ਮਨਾਵਾਂ, ਸ.ਕੇਵਲ ਸਿੰਘ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸਤਿੰਦਰ ਸਿੰਘ ਨਿਜੀ ਸਹਾਇਕ, ਸ.ਭੁਪਿੰਦਰਪਾਲ ਸਿੰਘ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ, ਸ.ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ.ਸੁਖਬੀਰ ਸਿੰਘ ਤੇ ਸ.ਮਨਿੰਦਰ ਮੋਹਣ ਸਿੰਘ ਇੰਚਾਰਜ ਟਰੱਸਟ, ਸ.ਹਰਿੰਦਰਪਾਲ ਸਿੰਘ ਤੇ ਸ. ਜਸਵਿੰਦਰ ਸਿੰਘ ਚੀਫ ਅਕਾਊਟੈਂਟ, ਸ.ਪਰਉਪਕਾਰ ਸਿੰਘ ਤੇ ਸ.ਇੰਦਰਪਾਲ ਸਿੰਘ ਅਕਾਊਂਟੈਂਟ, ਸ.ਮਿਲਖਾ ਸਿੰਘ ਤੇ ਸ.ਗੋਪਾਲ ਸਿੰਘ ਇੰਟਰਨਲ ਆਡੀਟਰ ਆਦਿ ਹਾਜ਼ਰ ਸਨ।