ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ 2 ਕਰੋੜ 50 ਲੱਖ ਰੁਪਏ ਰੱਖੇ ਗਏ

ਕੈਂਸਰ ਪੀੜ੍ਹਤ ਮਰੀਜ਼ਾਂ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਜਾਰੀ ਰਹੇਗੀ : ਜਥੇ.ਅਵਤਾਰ ਸਿੰਘ

ਅੰਮ੍ਰਿਤਸਰ 31 ਮਾਰਚ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਸੂਬਾ ਸਿੰਘ ਡੱਬਵਾਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਨ ਸਿੰਘ ਬੰਗੀ, ਸ. ਸੁਰਜੀਤ ਸਿੰਘ ਗੜ੍ਹੀ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਮੰਗਲ ਸਿੰਘ ਸ਼ਾਮਲ ਹੋਏ।

ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਬਜਟ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੰਘਰਸ਼ਮਈ ਸਮੇਂ ਵਿਚੋਂ ਗੁਜਰ ਰਹੀ ਹੈ ਅਤੇ ਇਸ ਸਮੇਂ ਨਵੇਂ ਜਨਰਲ ਹਾਊਸ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ।ਇਸੇ ਕਾਰਣ ਸੁਪਰੀਮ ਕੋਰਟ ਵੱਲੋਂ ਮਿਲੇ ਅਧਿਕਾਰਾਂ ਦੇ ਅਧਾਰ ਤੇ ਇਹ ਬਜ਼ਟ ਜਨਰਲ ਹਾਊਸ ਦੀ ਬਜਾਏ ਅੰਤ੍ਰਿੰਗ ਕਮੇਟੀ ਵਿੱਚ ਪੇਸ਼ ਕੀਤਾ ਗਿਆ ਹੈ।ਜਥੇਦਾਰ ਭੌਰ ਵੱਲੋਂ ਸਾਲ 2016-17 ਦਾ ਸਾਲਾਨਾ ਬਜਟ ਪੇਸ਼ ਕੀਤੇ ਜਾਣ ਉਪਰੰਤ ਸਰਬ-ਸੰਮਤੀ ਨਾਲ ਸਾਲਾਨਾ ਬਜਟ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਨੂੰ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।

ਉਪਰੰਤ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸਾਲ 2016-17 ਦਾ ਸਾਲਾਨਾ ਬਜਟ ਸ. ਸੁਖਦੇਵ ਸਿੰਘ ਭੌਰ ਵੱਲੋਂ ਪੇਸ਼ ਕੀਤਾ ਗਿਆ ਹੈ।ਬਜਟ ਬਹੁਤ ਵਧੀਆ ਤੇ ਲਾਭਕਾਰੀ ਹੈ।
1. ਜਨਰਲ ਬੋਰਡ ਫੰਡ            61 ਕਰੋੜ 50 ਲੱਖ ਰੁਪਏ
3. ਟਰੱਸਟ ਫੰਡਜ਼            46 ਕਰੋੜ 52 ਲੱਖ ਰੁਪਏ
3. ਵਿਦਿਆ ਫੰਡ             32 ਕਰੋੜ  68 ਲੱਖ 60 ਹਜ਼ਾਰ ਰੁਪਏ
4. ਪ੍ਰਿੰਟਿੰਗ ਪ੍ਰੈਸਾਂ       8 ਕਰੋੜ 9 ਲੱਖ ਰੁਪਏ
5. ਧਰਮ ਪ੍ਰਚਾਰ ਕਮੇਟੀ             70 ਕਰੋੜ ਰੁਪਏ ਕੇਵਲ
6. ਗੁਰਦੁਆਰਾ ਸਾਹਿਬਾਨ ਦਫਾ-85         6 ਅਰਬ 20 ਕਰੋੜ 6 ਲੱਖ 56 ਹਜ਼ਾਰ ਰੁਪਏ
7. ਗੁ: ਸਾਹਿਬਾਨ ਸੈਕਸ਼ਨ-85                   6 ਕਰੋੜ 84 ਲੱਖ 80 ਹਜ਼ਾਰ ਰੁਪਏ
ਨਾਲ ਸਿੱਧਾ ਅਤੇ ਅਟੈਂਚ ਪ੍ਰਬੰਧ
8. ਵਿਦਿਅਕ ਅਦਾਰੇ            2 ਅਰਬ 18 ਕਰੋੜ 43 ਲੱਖ 24 ਹਜ਼ਾਰ 850 ਰੁਪਏ

ਕੁੱਲ 10 ਅਰਬ  64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਪਿਛਲੇ ਸਾਲ ਇਹ ਬਜਟ ਬਜਟ 9 ਅਰਬ 93 ਕਰੋੜ 23 ਲੱਖ 89 ਹਜ਼ਾਰ 600 ਰੁਪਏ ਦਾ ਸੀ। ਸਾਲ 2015-16 ਨਾਲੋਂ 2016-17 ਦਾ ਬਜਟ 70 ਕਰੋੜ 90 ਲੱਖ 31 ਹਜ਼ਾਰ 250 ਰੁਪਏ (7.13%) ਵੱਧ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਨਵਾਂ ਸ਼ਹਿਰ ਵਿਖੇ ਸ਼ਿਵ ਸੈਨਿਕਾਂ ਵੱਲੋਂ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ, ਅੰਮ੍ਰਿਤਧਾਰੀ ਸਿੱਖ ਨੂੰ ਕੁੱਟਣ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸ.ਐਸ.ਪੀ. ਨਵਾਂ ਸ਼ਹਿਰ ਨੂੰ ਕਿਹਾ ਗਿਆ ਹੈ ਕਿ ਦੋਸ਼ੀ ਸ਼ਿਵ ਸੈਨਿਕ ਵਰਕਰਾਂ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ। ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਨੇੜੇ ਪਿੰਡ ਝੰਡੇਰ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਅਗਵਾਈ ਵਿੱਚ ਜਾਂਚ ਟੀਮ ਭੇਜੀ ਗਈ ਸੀ, ਜਿਨ੍ਹਾਂ ਮੌਕੇ ਤੇ ਜਾ ਕੇ ਵੇਖਿਆ ਕਿ ਉਥੇ ਗ੍ਰੰਥੀ ਸਿੰਘ ਨਾ ਹੋਣ ਕਾਰਨ ਦੋ ਧਿਰਾਂ ਵਿਚਕਾਰ ਝਗੜਾ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਭੌਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਚਰਨ ਕੰਵਲ ਬੰਗਾ ਵਿਖੇ ਬਿਰਾਜਮਾਨ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ਚਾਤਾਪ ਲਈ 4 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ 6 ਅਪ੍ਰੈਲ ਨੂੰ ਪਾਏ ਜਾਣਗੇ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 6 ਅਪ੍ਰੈਲ ਤੋਂ ਪਹਿਲਾ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਫਿਰ ਅਗਲੇ ਹਾਲਾਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ, ਪਰ ਕੋਈ ਗ੍ਰੰਥੀ ਸਿੰਘ ਨਹੀਂ ਹੈ ਉਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਲਗਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚਾਉਣ।ਉਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹਦਾਇਤ ਵੀ ਕੀਤੀ ਕਿ ਗੁਰਦੁਆਰਾ ਸਾਹਿਬਾਨ ਵਿਖੇ 24 ਘੰਟੇ ਠੀਕਰੀ ਪਹਿਰੇ ਨੂੰ ਯਕੀਨੀ ਬਣਾਇਆ ਜਾਵੇ।ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ‘ਚੋਂ ਸਿੱਖਾਂ ਦੇ ਨਾਮ ਕੱਟਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਦਮ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੀ ਕਾਲੀ ਸੂਚੀ ਖਤਮ ਕਰਨ ਦੀ ਵੀ ਮੰਗ ਕੀਤੀ।

ਬਜਟ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਤੇ ਹਸਪਤਾਲ ਚਲਾ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਂਦਿਆ ਤਕਰੀਬਨ 39 ਕਾਲਜ ਅਤੇ 49 ਸਕੂਲ ਸਫਲਤਾਪੂਰਵਕ ਚਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਗ੍ਰਾਫਿਕਸ ਤੇ ਐਨੀਮੇਸ਼ਨ ਲਾਇਬ੍ਰੇਰੀ ਸਾਇੰਸ, ਰੀਟੇਲ ਬਿਜ਼ਨੈਸ, ਸਾਫਟਵੇਅਰ ਡਿਵੈਲਪਮੈਂਟ ਵਰਗੇ 100 ਫੀਸਦੀ ਪਲੇਸਮੈਂਟ ਨਾਲ ਸਬੰਧਤ ਕਿੱਤਾ ਮੁੱਖੀ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੈਂਸਰ ਪੀੜਤਾਂ ਲਈ ਸਾਲਾਨਾ ਬਜਟ ਵਿੱਚ 8 ਕਰੋੜ 60 ਲੱਖ ਰੁਪਏ ਦੀ ਸਹਾਇਤਾ ਰੱਖੀ ਗਈ ਹੈ।ਇਸ ਤੋਂ ਪਹਿਲਾਂ 2011 ਤੋਂ ਲੈ ਕੇ 2015 ਤੀਕ 9982 ਕੈਂਸਰ ਮਰੀਜ਼ਾਂ ਨੂੰ 20 ਕਰੋੜ 14 ਲੱਖ 71 ਹਜ਼ਾਰ 154 ਰੁਪਏ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਧਰਮੀ ਫੌਜੀਆਂ ਲਈ 1 ਕਰੋੜ 50 ਲੱਖ ਰੁਪਏ ਰੱਖੇ ਗਏ ਹਨ।ਇਸ ਤੋਂ ਪਹਿਲਾਂ 57 ਧਰਮ ਫੌਜੀਆਂ ਨੂੰ 28 ਲੱਖ 50 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਵਾਸਤੇ ਧਰਮ ਅਰਥ ਫੰਡ ਵਿੱਚੋਂ 1 ਕਰੋੜ 40 ਲੱਖ ਰੁਪਏ ਤੇ ਧਾਰਮਿਕ ਵਿਦਿਆ ਦੇ ਪ੍ਰਸਾਰ ਲਈ ਸਕੂਲਾਂ/ਕਾਲਜਾਂ ਵਾਸਤੇ 1 ਕਰੋੜ 20 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਵਜ਼ੀਫੇ ਦੇ ਤੌਰ ਤੇ ਕ੍ਰਮਵਾਰ 2 ਹਜ਼ਾਰ, 3 ਹਜ਼ਾਰ ਤੇ 4 ਹਜ਼ਾਰ ਰੁਪਏ ਦਿੱਤੇ ਜਾਣਗੇ ਤੇ ਇਸ ਮੰਤਵ ਲਈ ਸਾਲ 2016-17 ਦੇ ਬਜਟ ਵਿੱਚ 2 ਕਰੋੜ 75 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਵਿਖੇ 350 ਸਾਲਾ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਸਮਾਗਮਾਂ ਨੂੰ ਜਾਹੋ ਜਲਾਲ ਨਾਲ ਮਨਾਉਣ ਲਈ ਸਾਲਾਨਾ ਬਜਟ ਵਿੱਚ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਰੰਗ ਰੋਗਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਵਾਪਰਦੀਆਂ ਤਰਾਸਦੀਆਂ ਅਤੇ ਕੁਦਰਤੀ ਆਫਤਾਂ ਲਈ 2016-17 ਦੇ ਬਜਟ ਵਿੱਚ 49 ਲੱਖ ਰੁਪਏ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਵਿੱਚ ਕਾਇਮ ਸਿੱਖ ਮਿਸ਼ਨਾਂ ਲਈ 1 ਕਰੋੜ 10 ਲੱਖ 75 ਹਜ਼ਾਰ ਰੁਪਏ ਰੱਖੇ ਗਏ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਦੰਗਿਆਂ (ਕਤਲੇਆਮ) ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ 30 ਲੱਖ ਰੁਪਏ ਰੱਖੇ ਗਏ ਹਨ।ਸਪੈਸ਼ਲ ਕੋਰਟ ਦੇ ਕੇਸਾਂ ਦੀ ਪੈਰਵੀ ਅਤੇ ਵਕੀਲਾਂ ਦੀ ਫੀਸ ਲਈ 60 ਲੱਖ ਰੁਪਏ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਰੰਗ ਰੋਗਨ ਕਰਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਬਹਾਦਰਗੜ੍ਹ ਪਟਿਆਲਾ ਦੀ ਇਮਾਰਤ ਲਈ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਲਈ 10 ਕਰੌੜ 50 ਲੱਖ ਰੁਪਏ ਆਉਣ ਵਾਲੇ ਸਾਲ ਦੇ ਬਜਟ ਵਿੱਚ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਲੂਲ੍ਹੇ ਲੰਗੜੇ ਤੇ ਅਪਾਹਜ ਮਨੁੱਖਾਂ ਦੀ ਸਹਾਇਤਾ ਲਈ ਚੱਲ ਰਹੀ ਸੰਸਥਾ ਪਿੰਗਲਵਾੜਾ ਭਗਤ ਪੂਰਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਨੂੰ ਹਰ ਸਾਲ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਸਲਾਨਾ ਸਹਾਇਤਾ ਰਾਸ਼ੀ ‘ਚ ਵਾਧਾ ਕਰਦਿਆਂ 2016-17 ਦੇ ਬਜਟ ਵਿੱਚ 15 ਲੱਖ ਰੁਪਏ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੀਰੀ-ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਜੋ 2006-07 ਵਿੱਚ ਬਣਾਇਆ ਗਿਆ ਸੀ ਉਹ ਪਿਛਲੀ ਸਰਕਾਰ ਵੱਲੋਂ ਅੜਚਣਾ ਪੈਣ ਕਾਰਨ ਅਜੇ ਤੱਕ ਅਧੂਰਾ ਹੀ ਸੀ।ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਹਰਿਆਣਾ ਸਰਕਾਰ ਇਸ ਕਾਲਜ ਨੂੰ ਚਲਾਉਣ ਵਿੱਚ ਹਰ ਮੁਸ਼ਕਲ ਨੂੰ ਆਸਾਨ ਕਰੇਗੀ ਤੇ ਇਹ ਕਾਲਜ ਹਰਿਆਣਾ ਦੇ ਵਿਦਿਆਰਥੀਆਂ ਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਬਹੁਤ ਜਲਦੀ ਸ਼ੁਰੂ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਕਾਲਜ ਲਈ 104 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਤੇ ਇਹ ਕਾਲਜ 2018 ਤੱਕ ਤਿਆਰ ਹੋ ਜਾਵੇਗਾ।

ਅੱਜ ਦੀ ਇਕੱਤਰਤਾ ਵਿੱਚ ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ‘ਬੇਦੀ’, ਸ. ਮਹਿੰਦਰ ਸਿੰਘ ਆਹਲੀ, ਸ. ਰਣਜੀਤ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ. ਪਰਮਜੀਤ ਸਿੰਘ ਸਰੋਆ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸਤਬੀਰ ਸਿੰਘ ਓ ਐਸ ਡੀ ਧਰਮ ਪ੍ਰਚਾਰ ਕਮੇਟੀ, ਸ. ਕੁਲਵਿੰਦਰ ਸਿੰਘ ਮੀਤ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਵਿਭਾਗ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ. ਮਨਿੰਦਰ ਮੋਹਣ ਸਿੰਘ ਇੰਚਾਰਜ ਟਰੱਸਟ, ਸ. ਹਰਿੰਦਰਪਾਲ ਸਿੰਘ, ਸ. ਜਸਵਿੰਦਰ ਸਿੰਘ ਤੇ ਸ. ਪਰਉਪਕਾਰ ਸਿੰਘ ਚੀਫ ਅਕਾਊਟੈਂਟ ਤੇ ਸ. ਤੇਜਿੰਦਰ ਸਿੰਘ ਐਡੀਸ਼ਨਲ ਚੀਫ ੮੫ ਆਦਿ ਹਾਜ਼ਰ ਸਨ।