ਅੰਮ੍ਰਿਤਸਰ 18 ਮਾਰਚ (        )
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਟ੍ਰੈਕਟ ‘ਆਓ ਗੁਰ ਇਤਿਹਾਸ ਜਾਣੀਏ’ (ਸੰਖੇਪ ਸਵਾਲ-ਜਵਾਬ) ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਲੋਕ ਅਰਪਣ ਕੀਤਾ।

ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਚਿਰੋਕਣੀ ਜਗਿਆਸਾ ਸੀ ਕਿ ਗੁਰ-ਇਤਿਹਾਸ ਅਤੇ ਗੁਰਮਤਿ ਸਬੰਧੀ ਸੰਖੇਪ ਜਾਣਕਾਰੀ ਮਿਲੇ।ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਸ. ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਆਪਣੇ ਯਤਨਾਂ ਨਾਲ ਟ੍ਰੈਕਟ ਦੇ ਰੂਪ ਵਿੱਚ ਗੁਰ-ਇਤਿਹਾਸ ਅਤੇ ਗੁਰਮਤਿ ਸਬੰਧੀ ਸਵਾਲ-ਜਵਾਬ ਦੇ ਰੂਪ ਵਿੱਚ ਸਾਕਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਵੱਲੋਂ ਕੀਤੇ ਯਤਨਾਂ ਦਾ ਅਤੇ ਇਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਛੋਟੇ ਜਿਹੇ ਜਾਣਕਾਰੀ ਭਰਪੂਰ ਟ੍ਰੈਕਟ (ਪੈਫਲਿਟ) ਨੂੰ ਤਿਆਰ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਇਹ ਟ੍ਰੈਕਟ ਸਿੱਖ ਸੰਗਤਾਂ ਨੂੰ ਭੇਟ ਕਰਕੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ।ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਇਸ ਟ੍ਰੈਕਟ ਨੂੰ ਪੜ੍ਹ ਕੇ ਭਰਪੂਰ ਜਾਣਕਾਰੀ ਹਾਸਲ ਕਰਦਿਆਂ ਛੋਟੇ ਬੱਚਿਆਂ ਨੂੰ ਗੁਰ-ਇਤਿਹਾਸ ਤੇ ਗੁਰਮਤਿ ਬਾਰੇ ਚਾਨਣਾ ਪਾ ਸਕਣਗੀਆਂ।ਉਨ੍ਹਾਂ ਕਿਹਾ ਕਿ ਸਾਡਾ ਇਹ ਵੀ ਯਤਨ ਹੋਵੇਗਾ ਕਿ ਇਸ ਟ੍ਰੈਕਟ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਤਿਆਰ ਕਰਕੇ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਦੁਨੀਆਂ ਵਿੱਚ ਥਾਂ-ਥਾਂ ਵਸੇ ਹੋਏ ਗੁਰਸਿੱਖਾਂ ਨੂੰ ਗੁਰ-ਇਤਿਹਾਸ ਤੇ ਗੁਰਮਤਿ ਬਾਰੇ ਸੰਖੇਪ ਜਾਣਕਾਰੀ ਮਿਲ ਸਕੇ।

ਪੁਸਤਕ ਦੇ ਲੋਕ ਅਰਪਣ ਮੌਕੇ ਸ. ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਬਿਜੈ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਜਗਜੀਤ ਸਿੰਘ ਤੇ ਸ. ਕੁਲਵਿੰਦਰ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਗੁਰਵਿੰਦਰ ਸਿੰਘ ਨਿਜੀ ਸਹਾਇਕ ਆਦਿ ਹਾਜ਼ਰ ਸਨ।