ਅੰਮ੍ਰਿਤਸਰ ੧੪ ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਬਾਸ਼ਾਅ ਖੇਤਰ ਵਿੱਚ ਸਥਿਤ ਮੋਟਲ ਨੂੰ ਅੱਗ ਲਗਾਉਣ ਦੀ ਹੋਈ ਘਟਨਾ ਵਿੱਚ ਇਕ ਸਿੱਖ ਪ੍ਰੀਵਾਰ ਦੇ ਜ਼ਿੰਦਾ ਸੜ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ, ਅਗਰ ਇਸ ਘਟਨਾ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਜਾਣ ਬੁੱਝ ਕੇ ਅੰਜ਼ਾਮ ਦਿੱਤਾ ਹੈ ਤਾਂ ਇਹ ਇਨਸਾਨੀਅਤ ਦੇ ਨਾਮ ਤੇ ਇਕ ਬਦਨੁਮਾ ਦਾਗ ਹੈ।ਉਨ੍ਹਾਂ ਕਿਹਾ ਮੇਰੀ ਅਰਦਾਸ ਹੈ ਕਿ ਇਸ ਭਿਆਨਕ ਹਾਦਸੇ ਵਿੱਚ ਜਿਸ ਦੀ ਮੌਤ ਹੋ ਗਈ ਹੈ ਅਕਾਲ ਪੁਰਖ ਉਸ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਜੋ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ      ਘਰ ਜਾਣ।
ਉਨ੍ਹਾਂ ਕਿਹਾ ਪ੍ਰਿੰਟ ਮੀਡੀਏ ਅਨੁਸਾਰ ਘਟਨਾ ਵਾਲੀ ਥਾਂ ‘ਤੇ ਨਸਲੀ ਗ੍ਰਾਫਟੀ ਮਿਲੀ ਹੈ ਤੇ ਉਸ ‘ਚ ਨਸਲੀ ਟਿੱਪਣੀਆਂ ਲਿਖੀਆਂ ਪਾਈਆਂ ਗਈਆਂ ਹਨ।ਉਨ੍ਹਾਂ ਕਿਹਾ ਜੇ ਐਸਾ ਸੱਚ ਹੈ ਤਾਂ ਕੈਨੇਡਾ ਦੀ ਸਰਕਾਰ ਇਸ ਘਟਨਾ ਦੀ ਤੁਰੰਤ ਪੜਤਾਲ ਕਰਵਾਏ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਸਖ਼ਸ਼ ਐਸੀ ਮੰਦਭਾਗੀ ਕਾਰਵਾਈ ਕਰਨ ਦੀ ਜ਼ੁਰਅਤ ਨਾ ਕਰੇ।