S. Avtar Singhਅੰਮ੍ਰਿਤਸਰ 4 ਦਸੰਬਰ (      ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਨਾਲ ੩੫ ਪਾਰਲੀਮਾਨੀ ਸਕੱਤਰਾਂ ਵਿੱਚ ਦੋ ਪੰਜਾਬਣਾਂ ਨੂੰ ਸ਼ਾਮਲ ਕਰਨ ‘ਤੇ ਵਧਾਈ ਦਿੱਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਅੱਜ ਸਿੱਖ ਗਲੋਬਲ ਪੱਧਰ ‘ਤੇ ਆਪਣੀ ਮਿਹਨਤ ਸਦਕਾ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆਂ ਵਿੱਚ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਪਹਿਲਾਂ ਸਿੱਖ ਸ. ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਤੇ ਹੁਣ ਦੋ ਪੰਜਾਬਣਾਂ ਕਮਲ ਖਹਿਰਾ ਤੇ ਅੰਜੂ ਢਿਲੋਂ ਨੂੰ ਬਿਨਾਂ ਭੇਦਭਾਵ ਦੇ ਪਾਰਲੀਮਾਨੀ ਸਕੱਤਰ ਨਾਮਜ਼ਦ ਕਰਨ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅਣਥਕ ਮਿਹਨਤ ਤੇ ਲਗਨ ਨੇ ਦੁਨੀਆਂ ਵਿੱਚ ਇਨ੍ਹਾਂ ਦੇ ਅਕਸ ਨੂੰ ਵੱਡੇ ਪੱਧਰ ‘ਤੇ ਉਭਾਰਿਆ ਹੈ।ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਸਾਹਿਬਾਨ ਦੀ ਬਖਸ਼ਿਸ਼ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਭਾਰਤ ਦੇ ਛੋਟੇ ਜਿਹੇ ਖਿੱਤੇ ‘ਚੋਂ ਉੱਭਰੀ ਇਹ ਕੌਮ ਸੰਸਾਰ ਦੇ ਨਕਸ਼ੇ ਤੇ ਪ੍ਰਵਾਨੀ ਗਈ ਹੈ ਅਤੇ ਆਪਣੇ ਹੁਨਰ ਸਦਕਾ ਵੱਡੀਆਂ ਪਦਵੀਆਂ ਤੇ ਸੁਭਾਇਮਾਨ ਹੋ ਰਹੀਆਂ ਹਨ।ਉਨ੍ਹਾਂ ਇਸ ਸਬੰਧੀ ਕੈਨੇਡਾ ਦੀ ਟਰੂਡੋ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਪੰਜਾਬ ਅਤੇ ਦੇਸ਼-ਵਿਦੇਸ਼ ‘ਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।